5 ਸਾਲਾਂ ਬਾਅਦ ਸ਼ਾਰਜਾਹ ਤੋਂ ਪਰਤਿਆ ਪੰਜਾਬੀ ਨੌਜਵਾਨ: ਕ+ਤਲ ਦੀ ਸਜ਼ਾ ‘ਚ ਮਿਲੀ ਮੁਆਫੀ

  • ਸਰਬੱਤ ਦਾ ਭਲਾ ਟਰੱਸਟ ਨੇ ਬਲੱਡ ਮਨੀ ਦੇ ਕੇ ਕਰਵਾਈ ਰਿਹਾਈ
  • ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾ: ਓਬਰਾਏ
  • ਰਿਹਾਈ ਉਪਰੰਤ ਵਾਪਸ ਪਰਤਿਆ ਪੰਜਾਬ ਦਾ ਗੁਰਪ੍ਰੀਤ ਸਿੰਘ
  • ਹਵਾਈ ਅੱਡੇ ‘ਤੇ ਗੁਰਪ੍ਰੀਤ ਤੇ ਪਰਿਵਾਰ ਦੇ ਮਿਲਾਪ ਦੌਰਾਨ ਜਜ਼ਬਾਤਾਂ ਦੇ ਬੇਰੋਕ ਵਹਿਣ ਨੇ ਕੀਤੀਆਂ ਹਰੇਕ ਦੀਆਂ ਅੱਖਾਂ ਨਮ
  • ਪੁੱਤ ਦਾ ਰਾਹ ਉਡੀਕਦਿਆਂ ਪਿਤਾ ਹੋਇਆ ਦੁਨੀਆਂ ਤੋਂ ਰੁਖ਼ਸਤ
  • ਪਰਿਵਾਰ ਨੇ ਡਾ: ਓਬਰਾਏ ਨੂੰ ਉਨ੍ਹਾਂ ਵਾਸਤੇ ਫ਼ਰਿਸ਼ਤਾ ਤੇ ਜੀਵਨ ਦਾਤਾ ਦੱਸਿਆ

ਅੰਮ੍ਰਿਤਸਰ, 22 ਮਾਰਚ 2024 – ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਪਹੁੰਚ ਕੇ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਉੱਘੇ ਕਾਰੋਬਾਰੀ ਡਾ: ਐੱਸ. ਪੀ. ਸਿੰਘ ਓਬਰਾਏ ਵੱਲੋਂ ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਕਰਵਾਏ ਜਾਣ ਉਪਰੰਤ ਪੰਜਾਬ ਦੇ ਗੁਰਦਾਸਪੁਰ ਦਾ ਨੌਜਵਾਨ ਗੁਰਪ੍ਰੀਤ ਸਿੰਘ ਅੱਜ ਵਤਨ ਪਰਤ ਆਇਆ ਹੈ।

ਇਹ ਚਾਰੇ ਨੌਜਵਾਨ ਸਾਲ 2019 ਤੋਂ ਸ਼ਾਰਜਾਹ ਵਿਖੇ ਇੱਕ ਹੋਰ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫੜੇ ਗਏ ਸਨ। ਇਹਨਾਂ ਨੌਜਵਾਨਾਂ ਵਿੱਚ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਅਤੇ ਪਾਕਿਸਤਾਨੀ ਪੰਜਾਬ ਨਾਲ ਸੰਬੰਧਿਤ ਰਾਓ ਮੁਹੰਮਦ ਆਦਿਲ, ਰਾਣਾ ਤਾਬਿਸ਼ ਰਸ਼ੀਦ ਅਤੇ ਆਦਿਲ ਜਾਵੇਦ ਚੀਮਾ ਸ਼ਾਮਿਲ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਨਾਲ ਸੰਪਰਕ ਕਰਨ ਤੋਂ ਬਾਅਦ ਡਾ: ਐੱਸ.ਪੀ. ਸਿੰਘ ਓਬਰਾਏ ਨੇ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਦਿਆਂ ਇਸ ਕੇਸ ਦੀ ਪੈਰਵੀ ਸ਼ੁਰੂ ਕੀਤੀ ਸੀ। ਦੋ ਸਾਲ ਮੁਕੱਦਮਾ ਚੱਲਣ ਤੋਂ ਬਾਅਦ ਸ਼ਾਰਜਾਹ ਦੀ ਅਦਾਲਤ ਨੇ ਇਹਨਾਂ ਚਾਰ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।

ਕਤਲ ਹੋਏ ਬਲਾਚੌਰ ਨੇੜਲੇ ਨੌਜਵਾਨ ਦੇ ਮਾਪਿਆਂ ਨਾਲ ਲੰਬੇ ਸੰਪਰਕ ਤੋਂ ਬਾਅਦ ਡਾਕਟਰ ਐਸ.ਪੀ. ਸਿੰਘ ਉਬਰਾਏ ਉਹਨਾਂ ਨੂੰ ਬਲੱਡ ਮਨੀ ਲੈਣ ਲਈ ਸਹਿਮਤ ਕਰਨ ਵਿੱਚ ਕਾਮਯਾਬ ਹੋਏ। ਇਸ ਸਹਿਮਤੀ ਤੋਂ ਬਾਅਦ ਸ਼ਾਰਜਾਹ ਅਦਾਲਤ ਵਿੱਚ ਜੱਜਾਂ ਦੀ ਮੌਜੂਦਗੀ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਡਾਕਟਰ ਉਬਰਾਏ ਨੇ ਬਲੱਡ ਮਨੀ ਦੇ ਤੌਰ ਤੇ 2 ਲੱਖ ਦਰਾਮ (ਕਰੀਬ 46 ਲੱਖ ਭਾਰਤੀ ਰੁਪਏ) ਮੌਕੇ ‘ਤੇ ਸੌਂਪੇ ਅਤੇ ਪੀੜਤ ਪਰਿਵਾਰ ਕੋਲੋਂ ਦੋਸ਼ੀ ਨੌਜਵਾਨਾਂ ਵਾਸਤੇ ਫਾਂਸੀ ਦੀ ਸਜ਼ਾ ਮੁਆਫੀ ਵਾਸਤੇ ਪ੍ਰਵਾਨਗੀ ਹਾਸਿਲ ਕੀਤੀ ਸੀ। ਇਸ ਬਲੱਡ ਮਨੀ ਦੀ ਰਕਮ ਵਿੱਚ ਚਾਰੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਯੋਗਦਾਨ ਦੇਣ ਤੋਂ ਇਲਾਵਾ ਵੱਡਾ ਹਿੱਸਾ ਡਾ: ਉਬਰਾਏ ਨੇ ਆਪਣੇ ਕੋਲੋਂ ਪਾਇਆ। ਇਸ ਮਾਮਲੇ ਸੰਬੰਧੀ ਡਾ: ਉਬਰਾਏ ਨੇ ਦੱਸਿਆ ਕਿ ਸ਼ਾਰਜਾਹ ਅਦਾਲਤ ਨੇ ਪਿਛਲੇ ਦਿਨੀਂ ਅੰਤਿਮ ਫੈਸਲਾ ਦਿੰਦਿਆਂ ਉਕਤ ਚਾਰੇ ਨੌਜਵਾਨ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ।

ਇਸਦੇ ਫਲਸਰੂਪ ਸ਼ਾਰਜਾਹ ਦੀ ਜੇਲ੍ਹ ‘ਚੋਂ ਰਿਹਾਅ ਹੋਇਆ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਅੱਜ ਸਵੇਰੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜਾ ਜਿੱਥੇ ਉਸਦੀ ਮਾਂ ਬਲਜੀਤ ਕੌਰ ਅਤੇ ਪਤਨੀ ਮੇਘਾ ਸਮੇਤ ਪਰਿਵਾਰਿਕ ਮੈਂਬਰਾਂ ਨੇ ਭਾਵੁਕ ਹੁੰਦਿਆਂ ਸਵਾਗਤ ਕੀਤਾ। ਪੰਜ ਸਾਲਾਂ ਦੇ ਅਰਸੇ ਬਾਅਦ ਫਾਂਸੀ ਦੀ ਸਜ਼ਾ ਤੋਂ ਬਚ ਕੇ ਵਾਪਸ ਪਰਤੇ ਗੁਰਪ੍ਰੀਤ ਤੇ ਪਰਿਵਾਰ ਦੇ ਮਿਲਾਪ ਦੌਰਾਨ ਜਜ਼ਬਾਤਾਂ ਦਾ ਬੇਰੋਕ ਵਹਿਣ ਹਰੇਕ ਦੀਆਂ ਅੱਖਾਂ ਨਮ ਕਰ ਗਿਆ। ਇੱਥੇ ਇਹ ਵੀ ਦੱਸਣਾ ਕੁਥਾਵਾਂ ਨਹੀਂ ਹੋਵੇਗਾ ਕਿ ਗੁਰਪ੍ਰੀਤ ਦਾ ਪਿਤਾ ਪਰਮਜੀਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਦੀ ਉਡੀਕ ਵਿੱਚ ਕਰੀਬ ਦੋ ਸਾਲ ਪਹਿਲਾਂ ਚੱਲ ਵਸਿਆ ਸੀ। ਰਿਹਾਅ ਹੋਏ ਗੁਰਪ੍ਰੀਤ ਸਿੰਘ ਤੇ ਉਸਦੇ ਪਰਿਵਾਰ ਨੇ ਗੁਰਪ੍ਰੀਤ ਦੀ ਜਾਨ ਬਚਾਉਣ ਵਾਲੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ: ਐਸ ਪੀ ਸਿੰਘ ਉਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਿਆਸੀ ਹੱਦਬੰਦੀਆਂ ਤੋਂ ਉੱਤੇ ਉੱਠ ਕੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲਾ ਫਰਿਸ਼ਤਾ ਦੱਸਿਆ।

ਗੁਰਪ੍ਰੀਤ ਅਨੁਸਾਰ ਡਾ: ਓਬਰਾਏ ਖਾੜੀ ਮੁਲਕਾਂ ਵਿੱਚ ਫਸੇ ਸੈਂਕੜੇ ਲੋਕਾਂ ਲਈ ਰੱਬ ਦਾ ਦੂਤ ਬਣ ਕੇ ਬਹੁੜਦੇ ਹਨ। ਇਸ ਮੌਕੇ ‘ਤੇ ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜ਼ੋਨ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੰਘ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਸ਼ਿਸ਼ਪਾਲ ਸਿੰਘ ਲਾਡੀ ਤੇ ਨਵਜੀਤ ਸਿੰਘ ਘਈ ਵੀ ਮੌਜੂਦ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਓਬਰਾਏ ਦੇ ਯਤਨਾਂ ਕਾਰਨ 138 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IPL: ਭਲਕੇ ਚੰਡੀਗੜ੍ਹ ‘ਚ ਦਿੱਲੀ-ਪੰਜਾਬ ਦੀਆਂ ਟੀਮਾਂ ਵਿਚਾਲੇ ਹੋਵੇਗਾ ਮੁਕਾਬਲਾ: ਮੁੱਲਾਂਪੁਰ ਦੇ ਨਵੇਂ ਸਟੇਡੀਅਮ ‘ਚ ਹੋਵੇਗਾ ਮੈਚ

ਕੇਜਰੀਵਾਲ ਨੂੰ ਗੈਰ ਜਮਹੂਰੀ ਢੰਗ ਨਾਲ ਕੀਤਾ ਗ੍ਰਿਫਤਾਰ, ਮੋਦੀ ਨੂੰ ਸਤਾ ਰਿਹਾ ਹੈ ਸੱਤਾ ਦੇ ਖੁਸਣ ਦਾ ਡਰ : ਹਰਚੰਦ ਬਰਸਟ