- ਫਿਲਹਾਲ ਸਰਕਾਰ ਦਾ ਧਿਆਨ ਕੇਂਦਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਨੂੰ ਸਿਰੇ ਚਾੜ੍ਹਨ ‘ਤੇ
ਚੰਡੀਗੜ੍ਹ, 18 ਫਰਵਰੀ 2024 – ਪੰਜਾਬ ਸਰਕਾਰ ਇਸੀ ਮਹੀਨੇ ਬਜਟ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਰਹੀ ਹੈ। ਇਹ ਸੈਸ਼ਨ 26 ਜਾਂ 27 ਫਰਵਰੀ ਨੂੰ ਸ਼ੁਰੂ ਹੋ ਸਕਦਾ ਹੈ। ਕਿਉਂਕਿ ਮਾਰਚ ਦੇ ਸ਼ੁਰੂ ਵਿੱਚ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਵੀ ਲਾਗੂ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਸਰਕਾਰ ਦੀ ਕੋਸ਼ਿਸ਼ ਪਹਿਲ ਦੇ ਆਧਾਰ ‘ਤੇ ਸੈਸ਼ਨ ਕਰਵਾਉਣ ਦੀ ਹੈ। ਬਜਟ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਆਉਣ ਵਾਲੇ ਦੋ ਦਿਨਾਂ ਵਿੱਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਬਜਟ ਸੈਸ਼ਨ ਲੰਬਾ ਨਹੀਂ ਹੋਵੇਗਾ। ਇਸ ਵਿੱਚ ਦੋ ਤੋਂ ਤਿੰਨ ਦਿਨ ਲੱਗ ਸਕਦੇ ਹਨ।
ਮੌਜੂਦਾ ਸਰਕਾਰ ਦਾ ਇਹ ਤੀਜਾ ਬਜਟ ਸੈਸ਼ਨ ਹੋਵੇਗਾ। ਇਸ ਬਜਟ ਸੈਸ਼ਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਇੱਕ ਤੋਂ ਬਾਅਦ ਇੱਕ ਤਿੰਨ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਲੋਕ ਸਭਾ ਚੋਣਾਂ ਹੋਣਗੀਆਂ। ਇਸ ਤੋਂ ਬਾਅਦ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵੀ ਕਰਵਾਈਆਂ ਜਾਣਗੀਆਂ। ਅਜਿਹੇ ‘ਚ ਸਪੱਸ਼ਟ ਹੈ ਕਿ ਬਜਟ ‘ਚ ਲੋਕਾਂ ‘ਤੇ ਕੋਈ ਬੋਝ ਨਹੀਂ ਪਵੇਗਾ।
ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਦਾ ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਜਦੋਂਕਿ ਹਿਮਾਚਲ ਪ੍ਰਦੇਸ਼ ਵਿੱਚ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ।
ਪਰ ਉਥੇ ਹੀ ਫਿਲਹਾਲ ਪੰਜਾਬ ਸਰਕਾਰ ਦੀ ਪਹਿਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਦਰਮਿਆਨ ਹੋ ਰਹੀ ਗੱਲਬਾਤ ਨੂੰ ਕਿਸੇ ਨਾ ਕਿਸੇ ਨਤੀਜੇ ‘ਤੇ ਪਹੁੰਚਾਉਣ ‘ਤੇ ਹੈ। ਸੀ ਐਮ ਭਗਵੰਤ ਮਾਨ ਨੇ ਖੁਦ ਕਿਹਾ ਹੈ ਕਿ ਉਹ ਇਨ੍ਹਾਂ ਮੀਟਿੰਗਾਂ ਵਿੱਚ ਕਿਸਾਨਾਂ ਦੀ ਨੁਮਾਇੰਦਗੀ ਉਨ੍ਹਾਂ ਦੇ ਵਕੀਲ ਵਜੋਂ ਕਰਦੇ ਹਨ। ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਕਿਸੇ ਵੀ ਮੀਟਿੰਗ ‘ਚ ਕੋਈ ਵੀ ਨਤੀਜਾ ਨਹੀਂ ਨਿੱਕਲਿਆ, ਪਰ ਅੱਜ ਦੀ ਹੋਣ ਵਾਲੀ ਮੀਟਿੰਗ ਤੋਂ ਕਾਫੀ ਉਮੀਦਾਂ ਹਨ ਅਤੇ ਕਿਸਾਨਾਂ ਦਾ ਸੰਘਰਸ਼ ਖਤਮ ਹੋ ਸਕਦਾ ਹੈ।