ਲਾਡੋਵਾਲ, 23 ਜੂਨ 2024 – ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ 7 ਦਿਨਾਂ ਤੋਂ ਪੂਰੀ ਤਰ੍ਹਾਂ ਫਰੀ ਹੈ। ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਧਰਨਾ ਲਾਇਆ ਹੋਇਆ ਹੈ। ਅੱਜ ਧਰਨੇ ਦਾ 8ਵਾਂ ਦਿਨ ਹੈ। ਅੱਜ ਵੀ ਟੋਲ ਫਰੀ ਰਹੇਗਾ। ਟੋਲ ਮੁਲਾਜ਼ਮਾਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਕੈਬਿਨਾਂ ਵਿੱਚੋਂ ਆਪਣਾ ਕਾਫੀ ਸਾਮਾਨ ਵੀ ਹਟਾ ਲਿਆ ਹੈ ਕਿਉਂਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।
ਇਸ ਟੋਲ ਤੋਂ ਹਰ ਰੋਜ਼ 1 ਕਰੋੜ ਰੁਪਏ ਟੈਕਸ ਵਸੂਲਿਆ ਜਾਂਦਾ ਹੈ। ਹੁਣ ਤੱਕ ਲੋਕਾਂ ਦੇ ਕਰੀਬ 7 ਕਰੋੜ ਰੁਪਏ ਦੇ ਟੋਲ ਦਾ ਬਚਾਅ ਹੋਇਆ ਹੈ। 3 ਲੱਖ ਤੋਂ ਵੱਧ ਡਰਾਈਵਰ ਮੁਫਤ ਯਾਤਰਾ ਕਰ ਚੁੱਕੇ ਹਨ। ਰੋਸ ਪ੍ਰਦਰਸ਼ਨ ਦੀ ਹਮਾਇਤ ਲਈ ਹਰ ਰੋਜ਼ ਵੱਖ-ਵੱਖ ਵਰਗਾਂ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਪਹੁੰਚ ਰਹੇ ਹਨ।
ਜੋ ਧਰਨੇ ‘ਤੇ ਆ ਰਿਹਾ ਹੈ, ਉਹ ਧਰਨੇ ‘ਤੇ ਬੈਠੇ ਲੋਕਾਂ ਲਈ ਲੱਡੂ, ਫਲ ਅਤੇ ਮਠਿਆਈਆਂ ਲਿਆ ਰਿਹਾ ਹੈ। ਸਮਾਜਿਕ ਜਥੇਬੰਦੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਕਿਸਾਨਾਂ ਲਈ ਖਾਣ-ਪੀਣ ਦਾ ਪੂਰਾ ਪ੍ਰਬੰਧ ਕਰ ਰਹੀਆਂ ਹਨ। ਆਸ-ਪਾਸ ਦੇ ਪਿੰਡਾਂ ਦੇ ਲੋਕ ਸਵੇਰੇ-ਸ਼ਾਮ ਚਾਹ ਅਤੇ ਛਬੀਲ ਦਾ ਪ੍ਰਬੰਧ ਕਰ ਰਹੇ ਹਨ।
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਇਸ ਟੋਲ ਦੀ ਸਮਾਂ ਸੀਮਾ ਖਤਮ ਹੋ ਚੁੱਕੀ ਹੈ। ਅਧਿਕਾਰੀਆਂ ਦੀ ਮਿਲੀਭੁਗਤ ਨਾਲ ਟੋਲ ‘ਤੇ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਸੀ। ਜਦੋਂ ਕਿਸਾਨ ਟੋਲ ਕੰਪਨੀ ਨੂੰ ਆਪਣਾ ਲਾਇਸੈਂਸ ਜਾਂ ਠੇਕਾ ਦਿਖਾਉਣ ਲਈ ਕਹਿੰਦੇ ਹਨ ਤਾਂ ਉਹ ਕਿਸੇ ਕਿਸਮ ਦਾ ਠੇਕਾ ਨਹੀਂ ਦਿਖਾ ਰਹੇ।
ਇਸ ਦਾ ਮਤਲਬ ਹੈ ਕਿ ਟੋਲ ਕੰਪਨੀ ਦੀ ਮਿਆਦ ਖਤਮ ਹੋ ਗਈ ਹੈ ਅਤੇ ਉਹ ਇਸ ਨੂੰ ਛੁਪਾ ਰਹੇ ਹਨ ਤਾਂ ਜੋ ਇਹ ਜਨਤਕ ਨਾ ਹੋ ਜਾਵੇ।