ਚੰਡੀਗੜ੍ਹ, 9 ਮਾਰਚ 2023 – ਪੰਜਾਬ ਕੇਡਰ ਦੀ 2013 ਬੈਚ ਦੀ ਆਈਪੀਸੀ ਅਧਿਕਾਰੀ ਕੰਵਰਦੀਪ ਕੌਰ ਨੇ ਚੰਡੀਗੜ੍ਹ ਦੇ ਨਵੇਂ ਐਸਐਸਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅੱਜ ਸਵੇਰੇ ਉਨ੍ਹਾਂ ਸੈਕਟਰ-9 ਸਥਿਤ ਪੁਲੀਸ ਹੈੱਡਕੁਆਰਟਰ ਵਿਖੇ ਐਸਐਸਪੀ ਦਾ ਅਹੁਦਾ ਸੰਭਾਲਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਹਾਲ ਹੀ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਗਿਆ ਸੀ। ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ 12 ਦਸੰਬਰ ਨੂੰ ਤੁਰੰਤ ਪ੍ਰਭਾਵ ਨਾਲ ਹਟਾਏ ਜਾਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ।
ਸਾਬਕਾ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੂੰ ਹਟਾਏ ਜਾਣ ਤੋਂ ਬਾਅਦ ਐੱਸਐੱਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ ਚੰਡੀਗੜ੍ਹ ਐਸ ਐਸ ਪੀ ਦਾ ਕੰਮ ਵੀ ਦੇਖ ਰਹੀ ਸੀ। ਆਈਪੀਐਸ ਕੰਵਰਦੀਪ ਕੌਰ ਨੇ ਹੁਣ ਉਨ੍ਹਾਂ ਤੋਂ ਇਹ ਚਾਰਜ ਲੈ ਲਿਆ ਹੈ।
ਕੰਵਰਦੀਪ ਇਸ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਐਸਐਸਪੀ ਸਨ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਹ ਚੰਡੀਗੜ੍ਹ ਵਿਚ 3 ਸਾਲ ਸੇਵਾ ਕਰਨਗੇ। ਇਸ ਤੋਂ ਪਹਿਲਾਂ ਨੀਲਾਂਬਰੀ ਵਿਜੇ ਜਗਦਲੇ (2008 ਬੈਚ) ਦੀ ਸਾਲ 2008 ਬੈਚ ਦੀ ਪੰਜਾਬ ਕੇਡਰ ਦੀ ਮਹਿਲਾ ਆਈਪੀਐਸ ਅਧਿਕਾਰੀ, ਸਾਲ 2017 ਤੋਂ 2020 ਤੱਕ ਚੰਡੀਗੜ੍ਹ ਵਿੱਚ ਐਸਐਸਪੀ ਵਜੋਂ ਤਾਇਨਾਤ ਸੀ।
ਕੰਵਰਦੀਪ ਕੌਰ ਮੂਲ ਰੂਪ ਵਿੱਚ ਮੋਹਾਲੀ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਵਿੱਚ ਕਪੂਰਥਲਾ ਅਤੇ ਮਲੇਰਕੋਟਲਾ ਵਿੱਚ ਐਸਐਸਪੀ ਰਹਿ ਚੁੱਕੀ ਹੈ। ਉਸ ਨੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਪੜ੍ਹਾਈ ਕੀਤੀ ਹੈ। ਉਹ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਤੋਂ ਗ੍ਰੈਜੂਏਟ ਹੈ। ਉਸ ਦਾ ਨਾਂ 3 ਆਈਪੀਐਸ ਅਧਿਕਾਰੀਆਂ ਦੇ ਪੈਨਲ ਵਿੱਚੋਂ ਚੁਣਿਆ ਗਿਆ ਸੀ। ਦੋ ਹੋਰ ਅਧਿਕਾਰੀ ਸੰਦੀਪ ਕੁਮਾਰ ਗਰਗ ਅਤੇ ਭਗੀਰਥ ਸਿੰਘ ਮੀਨਾ ਸ਼ਾਮਲ ਸਨ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਜਨਵਰੀ ਵਿੱਚ ਭੇਜੇ ਗਏ ਪੈਨਲ ਵਿੱਚ ਕੰਵਰਦੀਪ ਕੌਰ ਦਾ ਨਾਂ ਨਹੀਂ ਸੀ। ਬਾਅਦ ਵਿੱਚ ਸਰਕਾਰ ਨੇ ਡਾਕਟਰ ਅਖਿਲ ਚੌਧਰੀ (2012 ਬੈਚ) ਦੀ ਥਾਂ ਉਨ੍ਹਾਂ ਦਾ ਨਾਂ ਸ਼ਾਮਲ ਕਰਕੇ ਇੱਕ ਸੋਧਿਆ ਪੈਨਲ ਭੇਜਿਆ ਸੀ। ਦੱਸ ਦੇਈਏ ਕਿ ਸਾਬਕਾ SSP ਚਾਹਲ ‘ਤੇ ਬਦਸਲੂਕੀ ਦੇ ਦੋਸ਼ ਲੱਗੇ ਸਨ। ਇਸ ਦੇ ਨਾਲ ਹੀ ਸੀਬੀਆਈ ਉਸ ਖ਼ਿਲਾਫ਼ ਮਿਲੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਵੀ ਕਰ ਰਹੀ ਹੈ।