- ਦੋਵੇਂ ‘ਸਰੂਪ’ 28 ਅਗਸਤ ਨੂੰ ਦੋਹਾ ਸਥਿਤ ਭਾਰਤੀ ਦੂਤਾਵਾਸ ਨੂੰ ਸੌਂਪੇ
ਨਵੀਂ ਦਿੱਲੀ, 29 ਅਗਸਤ 2024 – ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ‘ਸਰੂਪ’ ਕਤਰ ਸਥਿਤ ਭਾਰਤੀ ਦੂਤਾਵਾਸ ਨੂੰ ਸੌਂਪੇ ਗਏ ਹਨ। ਇਸ ਵਿਵਾਦ ਦੀ ਸ਼ੁਰੂਆਤ ਦਸੰਬਰ 2023 ਵਿੱਚ ਹੋਈ ਸੀ, ਜਦੋਂ ਕਤਰ ਦੇ ਅਧਿਕਾਰੀਆਂ ਨੇ ਬਿਨਾਂ ਮਨਜ਼ੂਰੀ ਦੇ ਇੱਕ ਧਾਰਮਿਕ ਸੰਸਥਾਨ ਚਲਾਉਣ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਤੋਂ ਇਹ ਪਵਿੱਤਰ ਸਰੂਪ ਜ਼ਬਤ ਕਰ ਲਏ ਗਏ ਸਨ। ਇਸ ਘਟਨਾ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕਤਰ ਦੇ ਅਧਿਕਾਰੀਆਂ ਨੇ ਇਹ ਦੋਵੇਂ ‘ਸਰੂਪ’ 28 ਅਗਸਤ ਨੂੰ ਦੋਹਾ ਸਥਿਤ ਭਾਰਤੀ ਦੂਤਾਵਾਸ ਨੂੰ ਸੌਂਪ ਦਿੱਤੇ ਹਨ।
ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿੱਚ ਕਤਰ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਖਾਸ ਤੌਰ ‘ਤੇ ਕਤਰ ਅਤੇ ਹੋਰ ਦੇਸ਼ਾਂ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਕੀਤੀ ਗਈ ਹੈ।
ਵਿਵਾਦ ਦਸੰਬਰ 2023 ਵਿੱਚ ਸ਼ੁਰੂ ਹੋਇਆ ਸੀ, ਜਦੋਂ ਕਤਰ ਦੇ ਅਧਿਕਾਰੀਆਂ ਨੇ ਬਿਨਾਂ ਇਜਾਜ਼ਤ ਧਾਰਮਿਕ ਗਤੀਵਿਧੀਆਂ ਦੇ ਦੋਸ਼ ਵਿੱਚ ਦੋ ਪਵਿੱਤਰ ‘ਸਰੂਪਾਂ’ ਨੂੰ ਜ਼ਬਤ ਕਰ ਲਿਆ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਆਗੂਆਂ ਵਿੱਚ ਚਿੰਤਾ ਪ੍ਰਗਟਾਈ ਗਈ ਸੀ। ਭਾਰਤੀ ਦੂਤਾਵਾਸ ਨੇ ਸਥਾਨਕ ਕਾਨੂੰਨਾਂ ਤਹਿਤ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕਤਰ ਦੇ ਅਧਿਕਾਰੀਆਂ ਨੇ ਇਕ ਸਵਰੂਪ ਨੂੰ ਵਾਪਸ ਕਰ ਦਿੱਤਾ ਹੈ ਅਤੇ ਭਰੋਸਾ ਦਿੱਤਾ ਹੈ ਕਿ ਦੂਜੇ ਸਵਰੂਪ ਨੂੰ ਵੀ ਜਲਦੀ ਹੀ ਸਨਮਾਨ ਨਾਲ ਵਾਪਸ ਕਰ ਦਿੱਤਾ ਜਾਵੇਗਾ।
ਇਸ ਘਟਨਾ ਦਾ ਕਤਰ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਇਸ ਤਰ੍ਹਾਂ ਕਬਜ਼ੇ ਵਿਚ ਲੈਣਾ ਗਲਤ ਹੈ ਅਤੇ ਇਸ ਨੂੰ ਘੋਰ ਨਿਰਾਦਰ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਪੂਰੇ ਮਾਮਲੇ ਵਿੱਚ ਭਾਰਤੀ ਦੂਤਾਵਾਸ ਨੇ ਸਥਾਨਕ ਕਾਨੂੰਨਾਂ ਦੇ ਤਹਿਤ ਢੁਕਵੇਂ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਗ੍ਰੰਥ ਨੂੰ ਸਤਿਕਾਰ ਨਾਲ ਰੱਖਿਆ ਜਾਵੇ। ਕਤਰ ਦੇ ਅਧਿਕਾਰੀਆਂ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਪਵਿੱਤਰ ਗ੍ਰੰਥਾਂ ਨੂੰ ਵਾਪਸ ਕਰਨ ਵਿੱਚ ਮੁਸਤੈਦੀ ਦਿਖਾਈ।