ਮੋਗਾ, 17 ਫਰਵਰੀ 2022 – ਕਾਂਗਰਸ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਆਉਣਗੇ। ਉਹ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਲਈ ਮੋਗਾ ਵਿੱਚ ਚੋਣ ਰੈਲੀ ਕਰਨਗੇ। ਮੋਗਾ ਤੋਂ ਇਲਾਵਾ ਰਾਹੁਲ ਗਾਂਧੀ ਫਤਿਹਗੜ੍ਹ ਸਾਹਿਬ ‘ਚ ਵੀ ਚੋਣ ਪ੍ਰਚਾਰ ਕਰਨਗੇ। ਪੰਜਾਬ ਵਿੱਚ ਚੋਣ ਪ੍ਰਚਾਰ ਲਈ ਆਖਰੀ 2 ਦਿਨ ਬਾਕੀ ਹਨ। ਭਲਕੇ ਸ਼ਾਮ 6 ਵਜੇ ਤੋਂ ਬਾਅਦ ਪ੍ਰਚਾਰ ਬੰਦ ਹੋ ਜਾਵੇਗਾ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਰਾਹੁਲ ਗਾਂਧੀ ਲਗਾਤਾਰ ਪੰਜਾਬ ਵਿੱਚ ਸੁਰੱਖਿਆ ਦੀ ਗੱਲ ਕਰ ਰਹੇ ਹਨ। ਕੁਝ ਦਿਨ ਪਹਿਲਾਂ ਬਰਨਾਲਾ ਦੀ ਰੈਲੀ ਵਿੱਚ ਵੀ ਉਨ੍ਹਾਂ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਹਿ ਦਿੱਤਾ ਕਿ ਜੇਕਰ ਕਾਂਗਰਸ ਦੀ ਸਰਕਾਰ ਨਾ ਬਣੀ ਤਾਂ ਪੰਜਾਬ ਵਿੱਚ ਅੱਗ ਲੱਗ ਸਕਦੀ ਹੈ। ਰਾਹੁਲ ਗਾਂਧੀ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਕੋਈ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਫਿਜ਼ਿਕਸ-ਕੈਮਿਸਟਰੀ ਲੈਬ ਵਿੱਚ ਜਾਓ। ਉਨ੍ਹਾਂ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਸੀ, ਜਿਸ ਨੂੰ ਲੈ ਕੇ ਉਹ ਕਹਿ ਰਹੇ ਹਨ ਕੇ ਪੇਂਡੂ ਖੇਤਰ ਦੇ ਲੋਕ ਬਦਲਾਅ ਦੇ ਮੂਡ ਵਿੱਚ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ 75 ਸਾਲਾਂ ਤੋਂ ਰਾਜ ਕਰ ਰਹੇ ਹਨ, ਇਸ ਲਈ ਉਹ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ।
ਰਾਹੁਲ ਗਾਂਧੀ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਵੀ ਚੁਟਕੀ ਲਈ ਹੈ ਕਿ ਸਭ ਤੋਂ ਵੱਡੇ ਨੇਤਾ ਦਾ ਝਾੜੂ ਅੱਤਵਾਦੀ ਦੇ ਘਰ ਜਾ ਮਿਲਦਾ ਹੈ। ਇਸ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਕਦੇ ਕਾਲੇ ਅੰਗਰੇਜ਼ ਅਤੇ ਕਦੇ ਅੱਤਵਾਦੀ ਕਿਹਾ ਜਾਂਦਾ ਹੈ। ਇਸ ਦੇ ਬਾਵਜੂਦ ਪੰਜਾਬ ਦੇ ਲੋਕ ਮੈਨੂੰ ਪਿਆਰ ਕਰਦੇ ਹਨ। ਪੰਜਾਬ ਇਸ ਬਾਰੇ 20 ਫਰਵਰੀ ਨੂੰ ਫੈਸਲਾ ਕਰੇਗਾ।