ਰਾਹੁਲ ਗਾਂਧੀ ਦੀ SYL, 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ, ਸਿੱਖ ਕਤਲੇਆਮ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਚੁੱਪੀ ਨਿੰਦਣਯੋਗ: ਡਾ. ਚੀਮਾ

ਚੰਡੀਗੜ੍ਹ, 18 ਜਨਵਰੀ 2023: ਸ਼੍ਰੋਮਣੀ ਅਕਾਲੀ ਦਲ ਨੇ ਹੈਰਾਨੀ ਪ੍ਰਗਟ ਕੀਤੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਅਤੇ ਕਾਂਗਰਸ ਪਾਰਟੀ ਵੱਲੋਂ ਕਰਵਾਏ ਸਿੱਖ ਕਤਲੇਆਮ ’ਤੇ ਅਫਸੋਸ ਪ੍ਰਗਟ ਕਰਨ ਦੀ ਲੋੜ ਨਹੀਂ ਸਮਝਦੇ ਅਤੇ ਕਿਹਾਕਿ ਉਹਨਾਂ ਦਾ ਇਹ ਰਵੱਈਆ ਅਤਿਅੰਤ ਨਿੰਦਣਯੋਗ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀਗੱਲ ਹੈ ਕਿ ਬੀਤੇ ਦਿਨ ਦੀ ਪ੍ਰੈਸ ਕਾਨਫਰੰਸ ਵਿਚ ਦੋਵੇਂ ਮਾਮਲਿਆਂ ਬਾਰੇ ਪੁੱਛੇ ਸਵਾਲ ਦਾ ਰਾਹੁਲ ਗਾਂਧੀ ਨੇ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਉਲਟਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਲ ਸਿੰਘ ਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪਿੱਛੇ ਲੁੱਕਣ ਦੀ ਕੋਸ਼ਿਸ਼ ਕੀਤੀ।

ਡਾ. ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਦੋਵਾਂ ਮਾਮਲਿਆਂ ’ਤੇ ਸੋਨੀਆ ਗਾਂਧੀ ਵੱਲੋਂ ਮੰਗੀ ਮੁਆਫੀ ਜਨਤਕ ਵੀ ਕਰਨ ਕਿਉਂਕਿ ਦੁਨੀਆਂ ਇਸ ਬਾਰੇ ਜਾਣਦੀ ਹੀ ਨਹੀਂ ਹੈ।

ਡਾ. ਚੀਮਾ ਨੇ ਰਾਹੁਲ ਗਾਂਧੀ ਦੇ ਦੋਵਾਂ ਮਾਮਲਿਆਂ ’ਤੇ ਬੇਪਰਵਾਹ ਰਵੱਈਏ ’ਤੇ ਅਫਸੋਸ ਪ੍ਰਗਟ ਕੀਤਾ ਕਿਉਂਕਿ ਇਹ ਮਾਮਲੇ ਸਾਰੀ ਦੁਨੀਆਂ ਵਿਚ ਸਿੱਖ ਕੌਮ ਨੂੰ ਹਮੇਸ਼ਾ ਪੀੜਾ ਦਿੰਦੇ ਰਹਿਣਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀਨਿੰਦਣਯੋਗ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦਾ ਕੀ ਨੁਕਸਾਨ ਕੀਤਾ ਹੈ ਤੇ ਉਹ ਇਸ ਲਈ ਅਫਸੋਸ ਕਰਨ ਤੋਂ ਵੀ ਇਨਕਾਰੀ ਹਨ।

ਉਹਨਾਂ ਕਿਹਾ ਕਿ ਅਸੀਂ ਸਮਝਦੇ ਸੀ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਪੰਜਾਬੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਉਹ ਇਸ ਗੱਲ ਦੀ ਅਹਿਮੀਅਤ ਸਮਝ ਗਏ ਹੋਣਗੇ। ਉਹਨਾਂ ਕਿਹਾ ਕਿ ਜੋ ਵਿਅਕਤੀ ਸਿੱਖ ਕੌਮ ਦੀ ਪੀੜਾ ਸਮਝਣ ਵਿਚ ਵੀ ਫੇਲ੍ਹ ਹੈ, ਉਹ ਦੇਸ਼ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਉਹਨਾਂ ਨੇ ਰਾਹੁਲ ਗਾਂਧੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦਾ ਬਚਾਅ ਕਰਨ ਵਾਸਤੇ ਵੀ ਰਾਹੁਲ ਗਾਂਧੀ ਦੀ ਨਿਖੇਧੀ ਕੀਤੀ।

ਡਾ. ਚੀਮਾ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਵਿਚ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਐਸ ਵਾਈ ਐਲ ਬਾਰੇ ਚੁੱਪੀ ਧਾਰਨਾ ਵੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਪੰਜਾਬੀ ਸਮਝਦੇ ਸਨ ਕਿ ਰਾਹੁਲ ਗਾਂਧੀ ਪੰਜਾਬ ਦੇ ਲੋਕਾਂ ਦੀ ਪੀੜਾ ਸਮਝਣਗੇ ਕਿਉਂਕਿ ਉਹਨਾਂ ਦੇ ਪਰਿਵਾਰ ਵੱਲੋਂ ਤਾਨਾਸ਼ਾਹੀ ਨਾਲ ਪੰਜਾਬ ਦਾ ਪਾਣੀ ਖੋਹ ਕੇ ਦੂਜੇ ਰਾਜਾਂ ਨੁੰ ਦੇਣ ਕਾਰਨ ਇਹ ਸੂਬਾ ਬੰਜਰ ਹੋ ਗਿਆ ਹੈ। ਪਰ ਬਜਾਏ ਇਸ ਗੱਲ ਨੂੰ ਸਮਝਣ ਦੇ ਰਾਹੁਲ ਗਾਂਧੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਾਂਗਰਸ ਪਾਰਟੀ ਦੀਆਂ ਬੀਤੇ ਸਮੇਂ ਦੀਆਂ ਉਹਨਾਂ ਨੀਤੀਆਂ ਨਾਲ ਸਹਿਮਤ ਹਨ ਜਿਹਨਾਂ ਨਾਲ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹੇ ਗਏ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਸਟੈਂਡ ਨਾਲ ਇਕਜੁੱਟਤਾ ਪ੍ਰਗਟ ਕਰਨ ਵਿਚ ਨਾਕਾਮ ਰਹੇ ਹਨ ਕਿ ਰਾਈਪੇਰੀਅਨ ਰਾਜ ਹੋਣ ਕਾਰਨ ਪੰਜਾਬ ਦਾ ਇਸਦੇ ਦਰਿਆਈ ਪਾਣੀਆਂ ’ਤੇ ਅਨਿੱਖੜਵਾਂ ਹੱਕ ਹੈ। ਉਹਨਾਂ ਕਿਹਾ ਕਿ ਇਸ ਤੋਂ ਕਾਂਗਰਸ ਪਾਰਟੀ ਦੇ ਅਸਲ ਮਨਸ਼ੇ ਸਮਝ ਆ ਜਾਂਦੇ ਹਨ।

ਡਾ. ਚੀਮਾ ਨੇ ਰਾਹੁਲ ਗਾਂਧੀ ਵੱਲੋਂਪੰਜਾਬ ਦੇ ਮਸਲੇ ਹੱਲ ਕਰਨ ਦੀ ਥਾਂ ਡਰਾਮੇਬਾਜ਼ੀ ਕਰਨ ਅਤੇ ਤਸਵੀਰਾਂ ਖਿੱਚਵਾਉਣ ਵਾਸਤੇ ਯਾਤਰਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਇਲਾਕੇ ਹਰਿਆਣਾ ਤੋਂ ਲੈ ਕੇ ਪੰਜਾਬ ਨੂੰ ਵਾਪਸ ਕਰਨਾ ਵੀ ਸ਼ਾਮਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ ਖੇਤਰ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣੀ ਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਾਡੀ ਪਹਿਲੀ ਤਰਜੀਹ – ਮਾਨ

76 ਸਾਲਾਂ ਵਿਚ ਪੰਜਾਬ ਯੂਨੀਵਰਸਿਟੀ ਦਾ ਕੋਈ ਸਿੱਖ VC ਕਿਉਂ ਨਹੀਂ ਲਾਇਆ ? ਸੁਖਬੀਰ ਨੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਖ ਪੁੱਛਿਆ ਇਹ ਵਿਤਕਰਾ ਕਿਓਂ ?