ਨਵਾਂਸ਼ਹਿਰ 16 ਨਵੰਬਰ 2024 -ਥਾਣਾ ਸਦਰ ਬੰਗਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਕ ਮੁੱਖਬਰ ਖ਼ਾਸ ਦੀ ਇਤਲਾਹ ‘ਤੇ ਕੀਤੀਲਾਲ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛਡਾਊ ਕੇਂਦਰ ‘ਤੇ ਕਾਰਵਾਈ ਕੀਤੀ। ਛਾਪੇਮਾਰੀ ਕਰਕੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਨੂੰ ਕਾਬੂ ਕਰ ਉਸ ਖ਼ਿਲਾਫ਼ 318(4) ਬੀ. ਐੱਨ. ਐੱਸ. ਅਤੇ 15 ਇੰਡੀਅਨ ਮੈਡੀਕਲ ਕੌਂਸਲ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ. ਐੱਸ. ਆਈ. ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਇਕ ਮੁਖਬਰ ਖ਼ਾਸ ਦੁਆਰਾ ਉਨ੍ਹਾਂ ਨੂੰ ਇਤਲਾਹ ਦਿੱਤੀ ਗਈ ਕਿ ਰੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਮਹਿੰਗਰੋਵਾਲ ਦੋਆਬਾ ਜ਼ਿਲ੍ਹਾ ਹੁਸ਼ਿਆਰਪੁਰ ਜੋਕਿ ਪਿੰਡ ਖਟਕੜ ਕਲਾਂ ਵਿਖੇ ਨਜ਼ਦੀਕ ਇਕ ਮੋਟਰ ਗੈਰਿਜ ਇਕ ਰਿਹਾਇਸ਼ੀ ਘਰ ਜੋ ਕਿ ਪਿੰਡ ਖਟਕੜਕਲਾਂ ਤੋਂ ਪਿੰਡ ਨੋਰਾ ਸਾਇਡ ਨੂੰ ਅਤੇ ਬਾਬਾ ਦੀਪ ਸਿੰਘ ਨਸ਼ਾ ਮੁਕਤੀ ਸੰਸਥਾ ਦੇ ਨਾਮ ‘ਤੇ ਨਸ਼ਾ ਛਡਾਊ ਕੇਂਦਰ ਚਲਾ ਰਿਹਾ ਹੈ। ਉਕਤ ਨਸ਼ਾ ਛਡਾਊ ਕੇਂਦਰ ਅੰਦਰ ਹੁਣ ਵੀ ਕਾਫ਼ੀ ਲੋਕ ਜਿਨ੍ਹਾਂ ਨੂੰ ਨਸ਼ਾ ਕਰਨ ਦੀ ਆਦਤ ਹੈ, ਨੂੰ ਗੈਰ-ਕਾਨੂੰਨੀ ਢੰਗ ਨਾਲ ਰੱਖ ਕੇ ਇਲਾਜ ਕੀਤਾ ਕਰ ਰਿਹਾ ਹੈ। ਜੇਕਰ ਹੁਣੇ ਕਾਰਵਾਈ ਕੀਤੀ ਜਾਂਚ ਕੀਤੀ ਜਾਵੇ ਤਾਂ ਉਕਤ ਵਿਅਕਤੀ ਕਈ ਨਸ਼ਾ ਕਰਨ ਵਾਲੇ ਵਿਅਕਤੀਆਂ ਸਮੇਤ ਕਾਬੂ ਆ ਸਕਦਾ ਹੈ।
ਉਨ੍ਹਾਂ ਦੱਸਿਆ ਮੁਖਬਰ ਖ਼ਾਸ ਦੁਆਰਾ ਮਿਲੀ ਇਤਲਾਹ ‘ਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਨ੍ਹਾਂ ਦੁਆਰਾ ਜਾਰੀ ਆਦੇਸ਼ਾਂ ਤਹਿਤ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਅਤੇ ਡਿਊਟੀ ਮਜਿਸਟਰੇਟ ਦੀ ਹਾਜ਼ਰੀ ਜ਼ਰੂਰੀ ਹੋਵੇ। ਉਨਾਂ ਦੱਸਿਆ ਕਿ ਮਿਲੇ ਆਦੇਸ਼ਾਂ ‘ਤੇ ਉਨ੍ਹਾਂ ਨੇ ਇਸ ਸਬੰਧੀ ਡਿਊਟੀ ਮਜਿਸਟਰੇਟ ਨੂੰ ਮੌਕੇ ‘ਤੇ ਆਉਣ ਅਤੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨੂੰ ਜਾਣੂ ਕਰਵਾਇਆ। ਜਿਨ੍ਹਾਂ ਨੇ ਉਨ੍ਹਾਂ ਦੀ ਅਪੀਲ ਨੂੰ ਮੰਨਦੇ ਹੋਏ ਡਾਕਟਰ ਰਮਨਦੀਪ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਨਵਾਂਸ਼ਹਿਰ ਅਤੇ ਡਾ. ਸੰਦੀਪ ਬੰਗੜ ਮਾਨਸਿਕ ਰੋਗਾਂ ਦੇ ਮਾਹਿਰ ਹਨ, ਨੂੰ ਨਾਲ ਲੈ ਕੇ ਮੁਖਬਰ ਖ਼ਾਸ ਦੁਆਰਾ ਦੱਸੇ ਨਸ਼ਾ ਛਡਾਊ ਕੇਂਦਰ ‘ਤੇ ਪੁੱਜੇ ਅਤੇ ਕੁਝ ਸਮੇਂ ਅੰਦਰ ਮੌਕੇ ‘ਤੇ ਡਿਊਟੀ ਮਜਿਸਟਰੇਟ ਨਾਇਬ ਤਹਿਸੀਲਦਾਰ ਬੰਗਾ ਮੈਡਮ ਮਨੀ ਮਹਾਜ਼ਨ ਅਤੇ ਡੱਰਗ ਇੰਸਪੈਕਟਰ ਮਨਪ੍ਰੀਤ ਸਿੰਘ, ਏ. ਐੱਸ. ਆਈ. ਰਘਵੀਰ ਸਿੰਘ ਸਮੇਤ ਪੁਲਸ ਪਾਰਟੀ ਵੀ ਮੌਕੇ ‘ਤੇ ਪੁੱਜ ਗਏ।
ਉਨ੍ਹਾਂ ਦੱਸਿਆ ਜਦੋਂ ਡਿਊਟੀ ਮਜਿਸਟਰੇਟ ਦੀ ਹਾਜ਼ਰੀ ਵਿੱਚ ਉਕਤ ਨਸ਼ਾ ਛਡਾਊ ਕੇਂਦਰ ਦੀ ਜਾਂਚ ਕੀਤੀ ਗਈ ਤਾਂ ਕੇਂਦਰ ਦਾ ਮਾਲਕ ਰੁਪਿੰਦਰ ਸਿੰਘ ਉੱਥੇ ਹਾਜ਼ਰ ਮਿਲਿਆ ਅਤੇ ਉਸ ਦੁਆਰਾ ਨਸ਼ਾ ਛਡਾਊ ਕੇਂਦਰ ਅੰਦਰ ਦਾਖਲ ਕੀਤੇ 15 ਮਰੀਜ਼ ਵੀ ਹਾਜ਼ਰ ਮਿਲੇ। ਜਿਨ੍ਹਾਂ ਦੀ ਮੌਕੇ ‘ਤੇ ਹਾਜ਼ਰ ਡਾਕਟਰ ਸਾਹਿਬ ਵੱਲੋਂ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਰੁਪਿੰਦਰ ਸਿੰਘ ਕੋਲੋਂ ਜਦੋਂ ਉਕਤ ਨਸ਼ਾ ਛਡਾਊ ਕੇਂਦਰ ਚਲਾਉਣ ਸਬੰਧੀ ਲਾਇਸੈਂਸ/ਪਰਮਿਟ ਦੀ ਮੰਗ ਕੀਤੀ ਤਾਂ ਉਹ ਮੌਕੇ ‘ਤੇ ਕੋਈ ਲਾਇਸੈਂਸ/ਪਰਮਿਟ ਪੇਸ਼ ਨਹੀਂ ਕਰ ਸਕਿਆ। ਜਿਸ ਤੋਂ ਬਾਅਦ ਡਾਕਟਰ ਸਾਹਿਬਾਨ ਵੱਲੋਂ ਡਿਊਟੀ ਮਜਿਸਟਰੇਟ ਦੀ ਹਾਜ਼ਰੀ ਵਿੱਚ ਆਪਣੀ ਰਿਪੋਰਟ ਤਿਆਰ ਕਰ ਪੇਸ਼ ਕੀਤੀ ਗਈ। ਜਿਸ ਉਪੰਰਤ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਕਰਦੇ ਹੋਏ ਉਕਤ ਨਸ਼ਾ ਛਡਾਊ ਕੇਂਦਰ ਦੇ ਮਾਲਕ ਰੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਮਹਿੰਗਰੋਵਾਲ ਦੋਆਬਾ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 318 (4) ਅਤੇ 15 ਇੰਡੀਅਨ ਮੈਡੀਕਲ ਕੌਂਸਲ ਤਹਿਤ ਮਾਮਲਾ ਨੰਬਰ 125 ਦਰਜ ਕਰਕੇ ਉਕਤ ਦੇ ਮਾਲਕ ਰੁਪਿੰਦਰ ਸਿੰਘ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।