- ਭਾਖੜਾ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 21 ਫੁੱਟ ਹੇਠਾਂ
ਚੰਡੀਗੜ੍ਹ, 29 ਜੁਲਾਈ 2023 – ਪੰਜਾਬ ਵਿੱਚ ਮਾਨਸੂਨ ਹੁਣ ਆਮ ਵਾਂਗ ਹੈ। ਇਸ ਦੇ ਨਾਲ ਹੀ ਪੰਜਾਬ ਹੜ੍ਹਾਂ ਦੀ ਸਥਿਤੀ ਤੋਂ ਉੱਭਰ ਰਿਹਾ ਹੈ। ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾਂ ‘ਚ ਬੱਦਲ ਛਾਏ ਹੋਏ ਹਨ ਅਤੇ ਕਈ ਥਾਵਾਂ ‘ਤੇ ਧੁੱਪ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਫਾਜ਼ਿਲਕਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨ ਵੀ ਪੰਜਾਬ ਵਿੱਚ ਕੋਈ ਖਾਸ ਮੀਂਹ ਨਹੀਂ ਪਿਆ। ਪਟਿਆਲਾ ਅਤੇ ਲੁਧਿਆਣਾ ਵਿੱਚ 4-4 ਮਿਲੀਮੀਟਰ, ਬਰਨਾਲਾ ਵਿੱਚ 19.5 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 6 ਮਿਲੀਮੀਟਰ, ਮੋਗਾ ਵਿੱਚ 3.5 ਮਿਲੀਮੀਟਰ, ਰੋਪੜ ਵਿੱਚ 2.5 ਮਿਲੀਮੀਟਰ ਅਤੇ ਬਲਾਚੌਰ ਵਿੱਚ 5 ਮਿ.ਮੀ. ਮੀਂਹ ਦਰਜ ਕੀਤਾ ਗਿਆ।
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ ਪਿਛਲੇ ਦਿਨ ਨਾਲੋਂ ਡੇਢ ਫੁੱਟ ਵੱਧ ਹੈ। ਜਿੱਥੇ ਬੀਤੇ ਦਿਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1658.01 ਫੁੱਟ ਤੱਕ ਪਹੁੰਚ ਗਿਆ ਸੀ, ਉੱਥੇ ਹੀ ਸ਼ਨੀਵਾਰ ਸਵੇਰੇ ਪਾਣੀ ਦਾ ਪੱਧਰ 1659.51 ਫੁੱਟ ਸੀ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 68403 ਕਿਊਸਿਕ ਸੀ ਜਦੋਂ ਕਿ ਟਰਬਾਈਨਾਂ ਰਾਹੀਂ ਸਿਰਫ਼ 41641 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।
ਇਸੇ ਤਰ੍ਹਾਂ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 19200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਅਜੇ ਵੀ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਕਰੀਬ 21 ਫੁੱਟ ਹੇਠਾਂ ਹੈ।