ਚੰਡੀਗੜ੍ਹ, 16 ਜੁਲਾਈ 2023 – ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਸ਼ਾਮਲ ਹਨ।
ਦੂਜੇ ਪਾਸੇ ਪਿਛਲੇ ਦਿਨੀਂ ਘੱਗਰ ਵਿੱਚ ਪਾੜ ਪੈਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਹੈ। ਪਹਿਲਾ ਪਾੜ ਬੁਢਲਾਡਾ ਦੇ ਚਾਂਦਪੁਰਾ ਬੰਨ੍ਹ ਨੇੜੇ ਜਦੋਂਕਿ ਦੂਜਾ ਸਰਦੂਲਗੜ੍ਹ ਇਲਾਕੇ ਦੇ ਪਿੰਡ ਰੁੜਕੀ ਨੇੜੇ ਪਿਆ। ਹੋਰ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਦੋਵੇਂ ਪਾੜਾਂ ਨੂੰ ਭਰਨ ਦੇ ਯਤਨ ਜਾਰੀ ਹਨ ਪਰ ਤੇਜ਼ ਵਹਾਅ ਕਾਰਨ ਵਾਰ-ਵਾਰ ਕੀਤੇ ਗਏ ਯਤਨ ਅਸਫਲ ਹੋ ਰਹੇ ਹਨ। ਅੱਜ ਨੇੜਲੇ 20 ਤੋਂ ਵੱਧ ਪਿੰਡ ਇਸ ਦੀ ਲਪੇਟ ਵਿੱਚ ਆ ਜਾਣਗੇ।
ਪੰਜਾਬ ਦੇ 14 ਜ਼ਿਲ੍ਹੇ ਹਾਲ ਹੀ ਵਿੱਚ ਪਏ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ। ਰਾਜ ਵਿੱਚ ਹੜ੍ਹ ਦੇ ਪਾਣੀ ਜਾਂ ਮੀਂਹ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਨਾਲ 25 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ।
ਸੰਗਰੂਰ ਦੇ ਮੂਨਕ ਦੇ ਕਰੀਬ 20 ਪਿੰਡਾਂ ਵਿੱਚ ਹਾਲੇ ਵੀ ਹੜ੍ਹਾਂ ਦਾ ਪਾਣੀ ਖੜ੍ਹਾ ਹੈ ਪਰ ਹੁਣ ਇਹ ਘਟਦਾ ਜਾ ਰਿਹਾ ਹੈ। ਅੱਜ ਪੱਧਰ ਹੋਰ ਹੇਠਾਂ ਚਲਾ ਜਾਵੇਗਾ। ਲੋਕਾਂ ਦੀ ਸਿਹਤ ਸੰਭਾਲ ਲਈ ਇੱਥੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪਸ਼ੂਆਂ ਦੀ ਦੇਖਭਾਲ ਲਈ ਵੈਟਰਨਰੀ ਡਾਕਟਰਾਂ ਦੀ ਟੀਮ ਵੀ ਤਿਆਰ ਹੈ।
ਇਸੇ ਤਰ੍ਹਾਂ ਪਟਿਆਲਾ ਵਿੱਚ ਵੀ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਘੱਗਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ ਪਰ ਸਥਿਤੀ ਕਾਬੂ ਹੇਠ ਹੈ। ਇਸ ਦੇ ਨਾਲ ਹੀ ਜਲੰਧਰ ‘ਚ ਵੀ ਲੋਹੀਆਂ ਬਲਾਕ ਦੇ ਮੰਡਲਾ ਛੰਨਾ ਇਲਾਕੇ ‘ਚ ਸਤਲੁਜ ਦਰਿਆ ਦੇ ਕੰਢੇ ‘ਤੇ ਬਣੇ ‘ਧੁੱਸੀ ਬੰਨ੍ਹ’ ‘ਚ 350 ਫੁੱਟ ਚੌੜਾ ਪਾੜ ਪੈ ਗਿਆ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਮੁਰੰਮਤ ਲਈ 10 ਕਰੋੜ ਰੁਪਏ ਜਾਰੀ ਕੀਤੇ ਹਨ। ਸੂਬਾ ਸਰਕਾਰ ਪਹਿਲਾਂ ਹੀ ਬਦਲਵੇਂ ਪ੍ਰਬੰਧਾਂ ਰਾਹੀਂ ਹੜ੍ਹ ਪੀੜਤਾਂ ਨੂੰ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾ ਰਹੀ ਹੈ ਪਰ ਇਸ ਰਾਸ਼ੀ ਨਾਲ ਹੜ੍ਹਾਂ ਨਾਲ ਨੁਕਸਾਨੀਆਂ ਗਈਆਂ ਪਾਈਪਾਂ, ਮੋਟਰਾਂ ਜਾਂ ਟਿਊਬਵੈੱਲਾਂ ਦੀ ਮੁਰੰਮਤ ਕਰਵਾਈ ਜਾਵੇਗੀ।
ਖਨੌਰੀ ਨੇੜੇ ਨੈਸ਼ਨਲ ਹਾਈਵੇਅ 71 ਸਮੇਤ ਕੁਝ ਸੜਕਾਂ ਹੜ੍ਹਾਂ ਦੇ ਪਾਣੀ ਕਾਰਨ ਹੋਏ ਨੁਕਸਾਨ ਕਾਰਨ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਸ਼ੁਤਰਾਣਾ, ਸਮਾਣਾ ਅਤੇ ਸਨੌਰ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ।
ਹੜ੍ਹ ਪ੍ਰਭਾਵਿਤ 25,160 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਰਾਜ ਵਿੱਚ ਕੁੱਲ 164 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 3,331 ਲੋਕ ਰਹਿ ਰਹੇ ਹਨ। ਹੜ੍ਹ ਨਾਲ 1.60 ਲੱਖ ਹੈਕਟੇਅਰ ਤੋਂ ਵੱਧ ਵਾਹੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ।