ਚੰਡੀਗੜ੍ਹ, 17 ਜੂਨ 2022 – ਉੱਤਰੀ ਭਾਰਤ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਤੜਕੇ 3 ਵਜੇ ਭਾਰੀ ਮੀਂਹ ਪਿਆ। ਬਾਰਿਸ਼ ਤੋਂ ਪਹਿਲਾਂ ਰਾਤ 12 ਵਜੇ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ, ਜਿਸ ਕਾਰਨ ਲੋਕਾਂ ਨੇ ਮੌਸਮ ‘ਚ ਠੰਡਕ ਮਹਿਸੂਸ ਕੀਤੀ। ਇਸ ਤੋਂ ਬਾਅਦ ਪਏ ਮੀਂਹ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ।
ਠੰਡੀ ਹਵਾ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਅੱਜ ਲੁਧਿਆਣਾ ਵਿੱਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ। ਬੱਦਲਾਂ ਦੀ ਗਰਜ ਨਾਲ ਰੁਕ-ਰੁਕ ਕੇ ਮੀਂਹ ਪਿਆ। ਹਾਲਾਂਕਿ 17 ਜੂਨ ਤੋਂ 21 ਜੂਨ ਤੱਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਸ਼ੁੱਕਰਵਾਰ ਨੂੰ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਚਲਾ ਜਾਵੇਗਾ। ਫ਼ਿਰੋਜ਼ਪੁਰ ਜ਼ਿਲ੍ਹੇ ਦਾ ਤਾਪਮਾਨ 31 ਡਿਗਰੀ, ਅੰਮ੍ਰਿਤਸਰ 27 ਡਿਗਰੀ, ਪਟਿਆਲਾ 29 ਡਿਗਰੀ, ਜਲੰਧਰ 29 ਡਿਗਰੀ, ਬਠਿੰਡਾ 32 ਡਿਗਰੀ, ਮੋਗਾ 31 ਡਿਗਰੀ, ਸ੍ਰੀ ਫ਼ਤਹਿਗੜ੍ਹ ਸਾਹਿਬ 29 ਡਿਗਰੀ ਰਹੇਗਾ। ਮੌਸਮ ਦੇ ਇਸ ਬਦਲਾਅ ਦਾ ਸ਼ਹਿਰ ਵਾਸੀ ਖੂਬ ਆਨੰਦ ਲੈ ਰਹੇ ਹਨ।
ਮੌਸਮ ਵਿਭਾਗ ਮੁਤਾਬਕ ਹੁਣ 4 ਤੋਂ 5 ਦਿਨਾਂ ਤੱਕ ਬੱਦਲ ਛਾਏ ਰਹਿਣਗੇ। ਸਵੇਰੇ ਪਏ ਮੀਂਹ ਕਾਰਨ ਨੌਕਰੀਪੇਸ਼ਾ ਲੋਕਾਂ ਅਤੇ ਵਿਦਿਆਰਥੀਆਂ ਨੂੰ ਆਉਣ-ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਤੋਂ ਬਚਦੇ ਹੋਏ ਲੋਕ ਛਤਰੀਆਂ ਲੈ ਕੇ ਆਪਣੇ ਦਫ਼ਤਰਾਂ ਆਦਿ ਨੂੰ ਚਲੇ ਗਏ। ਬੱਦਲਵਾਈ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿੱਚ ਆਏ ਬਦਲਾਅ ਨਾਲ ਕਈ ਸ਼ਹਿਰ ਵਾਸੀਆਂ ਦਾ ਰੁਖ ਪਹਾੜਾਂ ਵੱਲ ਹੋ ਗਿਆ ਹੈ। ਮੌਸਮ ਦਾ ਆਨੰਦ ਲੈਣ ਲਈ ਲੋਕਾਂ ਨੇ ਪਹਾੜੀ ਇਲਾਕਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ।