ਪਾਬੰਦੀਸ਼ੁਦਾ ਹਿੰਦੀ ਪੁਸਤਕ ‘ਸਿੱਖ ਇਤਿਹਾਸ’ ਦਾ ਮੁੱਦਾ ਵਾਰ ਵਾਰ ਉਠਾਉਣਾ ਸ਼ਰਾਰਤ ਭਰੀ ਕਾਰਵਾਈ – ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 1 ਮਾਰਚ 2022 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਕੁਝ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸਿੱਖ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਆਖਿਆ ਕਿ ਬੀਤੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਜਿਸ ਵਿਚ ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇ ਕੇ ਪੇਸ਼ ਕੀਤਾ ਗਿਆ ਹੈ, ਵਿਰੁੱਧ ਧਰਨਾ ਲਗਾਉਣ ਵਾਲੇ ਸ. ਬਲਦੇਵ ਸਿੰਘ ਸਿਰਸਾ ਸ਼੍ਰੋਮਣੀ ਕਮੇਟੀ ਨੂੰ ਜਾਣਬੁਝ ਕੇ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਸਾਹਮਣੇ ਧਰਨਾ ਲਗਾਉਣ ਵਾਲੇ ਸ. ਸਿਰਸਾ, ਲੱਖਾ ਸਿਧਾਣਾ ਤੇ ਕੁਝ ਹੋਰ ਸ਼ਰਾਰਤੀ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਸੋਚੀ ਸਮਝੀ ਸਾਜ਼ਿਸ਼ ਤਹਿਤ ਬਦਨਾਮੀ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਇਹ ਲੋਕ ਧਰਨੇ ਦੌਰਾਨ ਅਸਲ ਮਾਮਲੇ ਤੋਂ ਹਟ ਕੇ ਸ਼੍ਰੋਮਣੀ ਕਮੇਟੀ ਦੀ 1999 ਵਿਚ ਛਾਪੀ ਹਿੰਦੀ ਪੁਸਤਕ ‘ਸਿੱਖ ਇਤਿਹਾਸ’ ਦੇ ਮਾਮਲੇ ਨੂੰ ਬਿਨਾ ਵਜ੍ਹਾ ਤੂਲ ਦੇ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਾਪਸ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਇਸ ਕਿਤਾਬ ਸਬੰਧੀ ਕੇਸ ਵਾਚਿਆ ਗਿਆ ਹੈ, ਜਿਸ ਅਨੁਸਾਰ ਪੁਸਤਕ ਵਾਪਸ ਲਈ ਜਾ ਚੁੱਕੀ ਹੈ। ਇਸ ਪੁਸਤਕ ਵਿਚ ਕੁਝ ਇਤਰਾਜ਼ਯੋਗ ਤੱਥ ਸਨ ਅਤੇ ਇਸ ਬਾਰੇ ਸੰਗਤਾਂ ਦੇ ਇਤਰਾਜ਼ ਆਉਣ ਤੋਂ ਬਾਅਦ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ 23 ਨਵੰਬਰ 2007 ਨੂੰ ਜਨਰਲ ਇਜਲਾਸ ਦੌਰਾਨ ਇਕ ਵਿਸ਼ੇਸ਼ ਮਤਾ ਕਰਕੇ ਇਸ ਕਿਤਾਬ ’ਤੇ ਪਾਬੰਦੀ ਲਗਾਉਂਦਿਆਂ ਇਸ ਦੀਆਂ ਛਪੀਆਂ ਕਾਪੀਆਂ ਵਾਪਸ ਲੈ ਲਈਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਇਹ ਪੁਸਤਕ ਜੇ. ਡੀ. ਕਨਿੰਘਮ ਦੀ ਅੰਗਰੇਜ਼ੀ ਪੁਸਤਕ ‘ਦਾ ਹਿਸਟੀ ਆਫ ਸਿੱਖਜ਼’ ਦਾ ਹਿੰਦੀ ਅਨੁਵਾਦ ਸੀ, ਜਿਸ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ ਕੇਵਲ 300 ਦੀ ਗਿਣਤੀ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ’ਤੇ ਇਤਰਾਜ਼ ਆਏ ਸਨ, ਜਿਸ ਦੇ ਮੱਦੇਨਜ਼ਰ ਪੁਸਤਕ ’ਤੇ ਪਾਬੰਦੀ ਲਗਾਈ ਗਈ ਸੀ ਅਤੇ ਇਸ ਦੇ ਨਾਲ ਹੀ ਪਹਿਲਾਂ 24 ਅਕਤੂਬਰ 2010 ਅਤੇ ਫਿਰ 11 ਅਗਸਤ 2018 ਨੂੰ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਛਪਾਏ ਗਏ ਸਨ। ਇਸ ਤੋਂ ਇਲਾਵਾ ਸ. ਬਲਦੇਵ ਸਿੰਘ ਸਿਰਸਾ ਵੱਲੋਂ ਇਸ ਨੂੰ ਲੈ ਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅੰਮ੍ਰਿਤਸਰ ਪਾਸ 2007 ਵਿਚ ਇਕ ਕੇਸ ਵੀ ਪਾਇਆ ਗਿਆ ਸੀ, ਜਿਸ ਨੂੰ ਅਦਾਲਤ ਨੇ 2013 ਵਿਚ ਰੱਦ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਇਸ ਪੁਸਤਕ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਜੋ ਸਭ ਤੋਂ ਸੁਪਰੀਮ ਹੈ, ਵੱਲੋਂ ਮਤੇ ਰਾਹੀਂ ਜਨਤਕ ਤੌਰ ’ਤੇ ਗਲਤੀ ਪ੍ਰਵਾਨ ਕਰਦਿਆਂ ਕਿਤਾਬ ਰੱਦ ਕੀਤੀ ਸੀ, ਜਿਸ ਮਗਰੋਂ ਇਸ ਕਿਤਾਬ ਦਾ ਕੋਈ ਮਾਮਲਾ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਸ. ਸਿਰਸਾ ਸਮੇਤ ਕੁਝ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਕਰਨ ਵਾਲੇ ਪੇਸ਼ੇਵਰ ਲੋਕ ਇਸ ਨੂੰ ਆਪਣੇ ਨਿੱਜੀ ਹਿੱਤਾਂ ਖਾਤਰ ਮੁੱਦਾ ਬਣਾ ਰਹੇ ਹਨ, ਜਿਸ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਸਮੇਤ ਸ. ਪਰਮਜੀਤ ਸਿੰਘ ਸਮੇਤ ਹੋਰ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਜੀਠੀਆ ਨੂੰ ਮਿਲਣ ਪਟਿਆਲਾ ਜੇਲ੍ਹ ਪਹੁੰਚੇ ਸੁਖਬੀਰ

ਉੱਤਰ ਪ੍ਰਦੇਸ਼ ‘ਚ ਛੇਵੇਂ ਪੜਾਅ ਲਈ ਵੋਟਿੰਗ: ਯੂਪੀ ਦੇ CM ਯੋਗੀ ਨੇ ਪਾਈ ਵੋਟ