ਪੰਜਾਬ ਪ੍ਰਧਾਨ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਗੀਤ ਬਾਰੇ ਦੇਣ ਸਪਸ਼ਟੀਕਰਨ ਅਤੇ ਮੰਗਣ ਪੰਜਾਬ ਦੀ ਜਨਤਾ ਤੋਂ ਮੁਆਫ਼ੀ: ਨੀਲ ਗਰਗ

  • ਸਿੱਧੂ ਮੂਸੇਵਾਲ ਨੇ ਆਪਣੇ ਗੀਤ ‘ਚ ਪੰਜਾਬੀਆਂ ਨੂੰ ਗ਼ੱਦਾਰ ਸ਼ਬਦ ਨਾਲ ਸੰਬੋਧਨ ਕਰਕੇ ਕੀਤਾ ਬੇਇੱਜ਼ਤ: ਮਾਲਵਿੰਦਰ ਸਿੰਘ ਕੰਗ
  • ਸਿੱਧੂ ਮੂਸੇਵਾਲ ਨੇ ਗੀਤ ਦੇ ਰਾਹੀਂ ਕਾਂਗਰਸੀ ਆਗੂਆਂ ਦੀ ਪੰਜਾਬੀਆਂ ਪ੍ਰਤੀ ਹਮੇਸ਼ਾ ਰਹੀ ਘਟੀਆ ਸੋਚ ਨੂੰ ਹੀ ਅੱਗੇ ਵਧਾਇਆ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 12 ਅਪ੍ਰੈਲ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੂਸੇਵਾਲ ਵੱਲੋਂ ਆਪਣੇ ਗੀਤ ‘ਸਕੇਪ ਗੌਟ’ ਰਾਹੀਂ ਪੰਜਾਬੀ ਲੋਕਾਂ ਨੂੰ ਗ਼ੱਦਾਰ ਸ਼ਬਦ ਨਾਲ ਸੰਬੋਧਨ ਕਰਨ ਅਤੇ ਹੇਠਲੇ ਪੱਧਰ ਦੀ ਗਾਲ਼ ਕੱਢਣ ਦਾ ਦੋਸ਼ ਲਾਇਆ ਹੈ। ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਿੱਧੂ ਮੂਸੇਵਾਲ ‘ਤੇ ਪੰਜਾਬੀਆਂ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਸਪਸ਼ਟੀਕਰਨ ਮੰਗਿਆ ਹੈ। ਇਸ ਸਮੇਂ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਵਨੀਤ ਵਰਮਾ ਵੀ ਮੌਜੂਦ ਸਨ।

ਮਾਲਵਿੰਦਰ ਸਿੰਘ ਕੰਗ ਨੇ ਕਿਹਾ, ”ਪ੍ਰਸਿੱਧ ਗਾਇਕ ਅਤੇ ਪੰਜਾਬ ਵਿਧਾਨ ਸਭਾ ਚੋਣਾ 2022 ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ਤੋਂ ਮਾਨਸਾ ਹਲਕੇ ਤੋਂ ਚੋਣ ਲੜਨ ਵਾਲੇ ਸਿੱਧੂ ਮੂਸਲੇਵਾਲ ਨੇ ਆਪਣੇ ਗੀਤ ਵਿੱਚ 3 ਕਰੋੜ ਪੰਜਾਬੀਆਂ ਨੂੰ ਗ਼ੱਦਾਰ ਸ਼ਬਦ ਰਾਹੀਂ ਸੰਬੋਧਨ ਕੀਤਾ ਹੈ, ਜੋ ਕਾਂਗਰਸ ਦੇ ਪੰਜਾਬ ਵਿਰੋਧੀ ਰਵਈਏ, ਨੀਤੀ ਅਤੇ ਇਤਿਹਾਸ ਨੂੰ ਪੇਸ਼ ਕਰਦਾ ਹੈ। ਸਿੱਧੂ ਨੇ ਨਾ ਕੇਵਲ ਪੰਜਾਬੀ ਸੂਰਬੀਰਾਂ ਨੂੰ ਗ਼ੱਦਾਰ ਕਹਿ ਕੇ ਸੰਬੋਧਨ ਕੀਤਾ, ਸਗੋਂ ਹੇਠਲੇ ਪੱਧਰ ਦੀ ਗਾਲ਼ ਕੱਢੀ ਹੈ। ” ਉਨ੍ਹਾਂ ਕਿਹਾ ਕਿ ਸੰਪੰਨ ਹੋਈਆਂ ਵਿਧਾਨ ਸਭਾ ਚੋਣਾ ‘ਚ ਪੰਜਾਬ ਵਾਸੀਆਂ ਨੇ ਕਾਂਗਰਸ ਅਤੇ ਇਸ ਦੇ ਆਗੂਆਂ ਨੂੰ ਬੁਰੀ ਤਰ੍ਹਾਂ ਨਿਕਾਰ ਦਿੱਤਾ ਹੈ। ਹਾਰ ਕਾਰਨ ਬੌਖਲਾਹਟ ਵਿੱਚ ਵਿਚਰਦੇ ਸਿੱਧੂ ਮੂਸੇਵਾਲ ਨੇ ਗੀਤ ਦੇ ਰਾਹੀਂ ਕਾਂਗਰਸੀ ਆਗੂਆਂ ਦੀ ਪੰਜਾਬੀਆਂ ਪ੍ਰਤੀ ਹਮੇਸ਼ਾ ਰਹੀ ਘਟੀਆ ਸੋਚ ਨੂੰ ਹੀ ਅੱਗੇ ਵਧਾਇਆ ਹੈ।

ਕੰਗ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵਿਰੋਧੀ ਨੀਤੀਆਂ ਬਣਾਈਆਂ ਹਨ। ਕਾਂਗਰਸ ਦੇ ਇਤਿਹਾਸ ਵਿੱਚ ਸਿੱਖ ਕਤਲੇਆਮ, ਪੰਜਾਬੀ ਬੋਲਦੇ ਇਲਾਕੇ ਤੇ ਰਾਜਧਾਨੀ ਖੋਹਣ ਦੇ ਦਾਗ਼ ਸਪੱਸ਼ਟ ਦਿਖਾਈ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਧੂ ਮੂਸੇਵਾਲ ਦੇ ਗੀਤ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕਾਂਗਰਸ ਸਿੱਧੂ ਮੂਸੇਵਾਲ ਦੇ ਗੀਤ ਨਾਲ ਇਤਫ਼ਾਕ ਰੱਖਦੀ ਹੈ ਜਾਂ ਨਹੀਂ ? ਜੇ ਕਾਂਗਰਸ ਸਿੱਧੂ ਦੇ ਗੀਤ ਨਾਲ ਕੋਈ ਇਤਫ਼ਾਕ ਨਹੀਂ ਰੱਖਦੀ ਤਾਂ ਸਿੱਧੂ ਨੂੰ ਤੁਰੰਤ ਪਾਰਟੀ ‘ਚੋਂ ਬਾਹਰ ਕਰਨਾ ਚਾਹੀਦਾ ਹੈ ਅਤੇ ਕਾਂਗਰਸ ਹਾਈਕਮਾਂਡ ਨੂੰ ਸਮੁੱਚੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਗਵੰਤ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਕਿਤਾਬਾਂ ਅਤੇ ਵਰਦੀ ਵੇਚਣ ਵਾਲੀਆਂ ਦੁਕਾਨਾਂ ਦੀ ਸੂਚੀ ਨਸ਼ਰ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਮ੍ਰਿਤਕ ਲਾਭਪਾਤਰੀਆਂ ਦੇ ਖਾਤਿਆਂ ਵਿੱਚੋਂ 28.97 ਕਰੋੜ ਰੁਪਏ ਦੀ ਕੀਤੀ ਰਿਕਵਰੀ