- ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਵੇਗਾ,
- ਰਾਮ ਰਹੀਮ ਨੂੰ ਮਿਲੀ 30 ਦਿਨ ਦੀ ਪੈਰੋਲ,
- ਹੁਣ ਤੱਕ ਕੁੱਲ 6 ਵਾਰ ਮਿਲ ਚੁੱਕੀ ਹੈ ਪੈਰੋਲ
- ਸਿਰਸਾ ਆਸ਼ਰਮ ਜਾਣ ‘ਤੇ ਪਾਬੰਦੀ
ਚੰਡੀਗੜ੍ਹ, 20 ਜੁਲਾਈ 2023 – ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਉਸ ਨੂੰ ਕਰੀਬ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਘੋੜਿਆਂ ਅਤੇ ਗਾਵਾਂ ਨੂੰ ਕੱਲ ਸ਼ਾਮ ਨੂੰ ਹੀ ਸਿਰਸਾ ਤੋਂ ਯੂਪੀ ਦੇ ਬਾਗਪਤ ਲਿਜਾਇਆ ਗਿਆ ਹੈ ਅਤੇ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੂਜੇ ਪਾਸੇ ਬੁੱਧਵਾਰ ਰਾਤ ਰਾਮ ਰਹੀਮ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ‘ਚ ਰਾਮ ਰਹੀਮ ਹੜ੍ਹ ਪ੍ਰਭਾਵਿਤ ਲੋਕਾਂ ਲਈ ਪ੍ਰਮਾਤਮਾ ਤੋਂ ਦੁਆ ਮੰਗ ਰਿਹਾ ਹੈ ਅਤੇ ਡੇਰਾ ਪ੍ਰੇਮੀਆਂ ਨੂੰ ਰਾਹਤ ਕਾਰਜਾਂ ‘ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਹੈ। ਹਾਲਾਂਕਿ ਇਹ ਵੀਡੀਓ ਰਾਮ ਰਹੀਮ ਦੀ ਪਿਛਲੀ ਪੈਰੋਲ ਦੀ ਹੈ।
ਉਸ ਸਮੇਂ ਉਹ ਬਾਗਪਤ ਗਏ ਤਾਂ ਆਸਾਮ ਵਿੱਚ ਹੜ੍ਹ ਆ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੇ ਪ੍ਰਬੰਧਕਾਂ ਤੱਕ ਕਾਲਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਫਿਰ ਡੇਰਾ ਪ੍ਰਬੰਧਕਾਂ ਨੇ ਨੇ ਦੱਸਿਆ ਕਿ ਇਹ ਪਿਛਲੀ ਵੀਡੀਓ ਹੈ। ਡੇਰੇ ਦੇ ਬੁਲਾਰੇ ਜਤਿੰਦਰ ਇੰਸਾਨ ਦਾ ਕਹਿਣਾ ਹੈ ਕਿ ਇਹ ਵੀਡੀਓ ਪੁਰਾਣੀ ਹੈ।
ਰਾਮ ਰਹੀਮ ਦੀ ਪੈਰੋਲ ਲਈ ਅਰਜ਼ੀ ਦੇਣ ਦੀਆਂ ਖਬਰਾਂ ਹਨ। ਰਾਮ ਰਹੀਮ ਨੇ ਰੋਹਤਕ ਪ੍ਰਸ਼ਾਸਨ ਕੋਲ ਪੈਰੋਲ ਲਈ ਅਰਜ਼ੀ ਦਿੱਤੀ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬਾਗਪਤ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਹਾਲਾਂਕਿ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਡੇਰੇ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ।
ਹੁਣ ਤੱਕ ਰਾਮ ਰਹੀਮ ਨੂੰ 6 ਵਾਰ ਪੈਰੋਲ ਮਿਲ ਚੁੱਕੀ ਹੈ
- ਪਹਿਲੀ ਵਾਰ 24 ਅਕਤੂਬਰ, 2020 ਨੂੰ, ਸਰਕਾਰ ਨੇ ਬਿਮਾਰ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਦਿੱਤੀ।
- ਦੂਜੀ ਵਾਰ ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ 1 ਦਿਨ ਲਈ ਪੈਰੋਲ ਦਿੱਤੀ।
- ਤੀਜੀ ਵਾਰ 7 ਫਰਵਰੀ 2022 ਨੂੰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਸੀ।
- ਚੌਥੀ ਵਾਰ ਜੂਨ 2022 ਨੂੰ ਰਾਮ ਰਹੀਮ ਨੂੰ ਇੱਕ ਮਹੀਨੇ ਲਈ ਫਿਰ ਪੈਰੋਲ ਦਿੱਤੀ ਗਈ ਸੀ।
- ਪੰਜਵੀਂ ਵਾਰ ਅਕਤੂਬਰ 2022 ਨੂੰ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨਾਂ ਲਈ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ।
- ਛੇਵੀਂ ਵਾਰ 21 ਜਨਵਰੀ 2023 ਨੂੰ ਡੇਰਾ ਮੁਖੀ ਸ਼ਾਹ ਸਤਨਾਮ ਦੇ ਜਨਮ ਦਿਨ ‘ਤੇ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਮਿਲੀ।