ਅੰਮ੍ਰਿਤਸਰ, 19 ਜੂਨ 2022 – ਅੰਮ੍ਰਿਤਸਰ ਜ਼ਿਲ੍ਹੇ ਦੇ ਵਡਾਲਾ ‘ਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਕਰਨ ਵਾਲੇ ਵਪਾਰੀ ਤੋਂ 5 ਲੱਖ ਦੀ ਫਿਰੌਤੀ ਮੰਗਾਂ ਦਾ ਮਾਮਲਾ ਸਾਹਮਣੇ ਆਇਆ ਹੈ। ਵਡਾਲਾ ‘ਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਵਪਾਰੀ ਤੋਂ ਇਹ ਫਿਰੌਤੀ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ‘ਤੇ ਮੰਗੀ ਗਈ ਹੈ। ਫੋਨ ਕਰਕੇ ਵਪਾਰੀ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਕਾਰੋਬਾਰੀ ਨੂੰ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦਿਹਾਤੀ ਪੁਲੀਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਵਡਾਲਾ ਭਿੱਟੇਵੱਡ ਦੇ ਵਸਨੀਕ ਜਸਬੀਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਕਰਿਆਨੇ ਦੀ ਦੁਕਾਨ ਕਰਦਾ ਹੈ। ਸ਼ੁੱਕਰਵਾਰ ਰਾਤ 11 ਵਜੇ ਉਸ ਨੂੰ 180012211 ਤੋਂ ਮੋਬਾਈਲ ‘ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਗੈਂਗਸਟਰ ਗੋਲਡੀ ਬਰਾੜ ਨਾਲ ਗੱਲ ਕਰ ਰਿਹਾ ਹੈ। ਪੰਜ ਲੱਖ ਰੁਪਏ ਉਸ ਦੇ ਖਾਤੇ ਵਿੱਚ ਪਾ ਦਿਓ ਨਹੀਂ ਤਾਂ ਮਾਰ ਦੇਵਾਂਗੇ।
ਜਸਬੀਰ ਸਿੰਘ ਅਨੁਸਾਰ ਉਸ ਨੂੰ ਰਾਤ ਭਰ ਇਸ ਨੰਬਰ ਤੋਂ ਤਿੰਨ-ਚਾਰ ਵਾਰ ਫ਼ੋਨ ਆਏ ਪਰ ਉਸ ਨੇ ਡਰ ਦੇ ਮਾਰੇ ਫ਼ੋਨ ਨਹੀਂ ਚੁੱਕਿਆ। ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ ਕੰਬੋਅ ਦੀ ਪੁਲੀਸ ਨੂੰ ਦਿੱਤੀ।