ਲੁਧਿਆਣਾ, 28 ਦਸੰਬਰ 2023 – ਲੁਧਿਆਣਾ ‘ਚ 7 ਸਾਲ ਦੀ ਬੱਚੀ ਨਾਲ ਦਰਿੰਦਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੁਕਾਨ ਤੋਂ ਕੁਝ ਖਵਾਉਣ ਦੇ ਬਹਾਨੇ ਲੜਕੀ ਨੂੰ ਪੈਦਲ ਹੀ ਸੁੰਨਸਾਨ ਜਗ੍ਹਾ ‘ਤੇ ਲੈ ਗਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਜਦੋਂ ਮਾਂ ਉਸ ਦੀ ਭਾਲ ਕਰਨ ਲੱਗੀ ਤਾਂ ਉਸ ਨੂੰ ਘਰ ਤੋਂ ਕੁਝ ਦੂਰ ਸੁੰਨਸਾਨ ਜਗ੍ਹਾ ‘ਤੇ ਬੱਚੀ ਰੋਂਦੀ ਹੋਈ ਮਿਲੀ। ਉਸ ਨੇ ਜੋ ਕੱਪੜੇ ਪਾਏ ਹੋਏ ਸਨ, ਉਹ ਖੂਨ ਨਾਲ ਲਿੱਬੜੇ ਹੋਏ ਸਨ। ਪੁਲਿਸ ਨੇ ਇੱਕ ਨੌਜਵਾਨ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਈ, 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੁਕਰਮ ਦਾ ਕੇਸ ਚੱਲ ਰਿਹਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਭਜੋਤ ਨਾਂ ਦਾ ਨੌਜਵਾਨ ਕਰੀਬ 2 ਮਹੀਨਿਆਂ ਤੋਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਮਕਾਨ ‘ਚ ਰਹਿ ਰਿਹਾ ਹੈ। ਇਸ ਦੌਰਾਨ ਸੱਤ ਸਾਲ ਦੀ ਬੱਚੀ ਦੀ ਵੀ ਉਸ ਨਾਲ ਦੋਸਤੀ ਹੋ ਗਈ। ਪ੍ਰਭਜੋਤ ਲੜਕੀ ਨੂੰ ਦੁਕਾਨ ਤੋਂ ਕੁਝ ਖਵਾਉਣ ਦੇ ਬਹਾਨੇ ਕਿਸੇ ਇਕਾਂਤ ਥਾਂ ‘ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਲੜਕੀ ਨੂੰ ਉੱਥੇ ਹੀ ਛੱਡ ਕੇ ਭੱਜ ਗਿਆ।
ਜਦੋਂ ਕਾਫੀ ਦੇਰ ਤੱਕ ਲੜਕੀ ਘਰ ਵਾਪਸ ਨਹੀਂ ਪਰਤੀ ਤਾਂ ਉਸ ਦੀ ਮਾਂ ਚਿੰਤਤ ਹੋ ਗਈ ਅਤੇ ਉਸ ਦੀ ਭਾਲ ਲਈ ਨਿਕਲੀ। ਲੜਕੀ ਘਰ ਤੋਂ ਕੁਝ ਦੂਰੀ ‘ਤੇ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ। ਲੜਕੀ ਨੇ ਦੱਸਿਆ ਕਿ ਉਕਤ ਲੜਕਾ ਉਸ ਨਾਲ ਗਲਤ ਕੰਮ ਕਰਦਾ ਸੀ। ਔਰਤ ਨੇ ਸਾਰੀ ਕਹਾਣੀ ਆਪਣੇ ਪਤੀ ਨੂੰ ਦੱਸੀ ਅਤੇ ਪੁਲਿਸ ਨੂੰ ਲੜਕੀ ਨਾਲ ਹੋਈ ਦਰਿੰਦਗੀ ਦੀ ਸੂਚਨਾ ਦਿੱਤੀ। ਪੀੜਤ ਲੜਕੀ ਨੂੰ ਨਾਜ਼ੁਕ ਹਾਲਤ ‘ਚ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਪ੍ਰਭਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਹ ਇੱਥੇ ਆਪਣੇ ਵਾਕਫ਼ ਕੋਲ ਰਹਿਣ ਆਇਆ ਸੀ। ਫਿਲਹਾਲ ਉਹ ਫਰਾਰ ਹੈ। ਉਸ ਖ਼ਿਲਾਫ਼ ਡੇਹਲੋਂ ਥਾਣੇ ਵਿੱਚ ਵੀ ਕਿਸੇ ਬੱਚੇ ਨਾਲ ਕੁਕਰਮ ਦਾ ਕੇਸ ਵੀ ਦਰਜ ਹੈ।