ਖੰਨਾ, 4 ਅਕਤੂਬਰ 2023 – ਖੰਨਾ ਦੇ ਪਿੰਡ ਕੋਟ ਸੇਖੋਂ ਵਿੱਚ 8 ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਮਹਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮਿਰਜ਼ਾਪੁਰ, ਯੂਪੀ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਪਰਿਵਾਰ ਖੇਤਾਂ ਵਿੱਚ ਬਣੇ ਮੋਟਰ ਵਾਲੇ ਕਮਰੇ ਵਿੱਚ ਰਹਿੰਦਾ ਹੈ। ਇਸ ਪਰਿਵਾਰ ਦੀ ਔਰਤ ਫੈਕਟਰੀ ਵਿੱਚ ਕੰਮ ਕਰਨ ਗਈ ਹੋਈ ਸੀ। ਪਰਿਵਾਰ ਦਾ ਮੁਖੀ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ‘ਤੇ ਗਿਆ ਹੋਇਆ ਸੀ। ਪਰ ਉਸ ਨੂੰ ਕੰਮ ਨਹੀਂ ਮਿਲਿਆ, ਜਿਸ ਕਾਰਨ ਉਹ ਵਾਪਸ ਘਰ ਆਇਆ ਤਾਂ ਦੇਖਿਆ ਕਿ ਮੋਟਰ ਵਾਲੇ ਕਮਰੇ ਦਾ ਦਰਵਾਜ਼ਾ ਬੰਦ ਸੀ।
ਪਰਿਵਾਰ ਦੇ ਮੁਖੀ ਨੇ ਖਿੜਕੀ ‘ਚੋਂ ਦੇਖਿਆ ਤਾਂ ਦੋਸ਼ੀ ਅੰਦਰ ਉਸ ਦੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਮਹਿੰਦਰ ਨੇ ਘਿਨੌਣਾ ਅਪਰਾਧ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਪੁਲਿਸ ਟੀਮ ਨੇ ਤੁਰੰਤ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ। ਇਸ ਤੋਂ ਪਹਿਲਾਂ ਕਿ ਮੁਲਜ਼ਮ ਪੰਜਾਬ ਤੋਂ ਫਰਾਰ ਹੋ ਜਾਂਦਾ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।