- ਪਟਿਆਲਾ ਹੈਰੀਟੇਜ ਫੈਸਟੀਵਲ ਮੌਕੇ 60ਵੀਂ ਅਤੇ 61ਵੀਂ ਆਲ ਬ੍ਰੀਡ ਚੈਂਪੀਅਨਸ਼ਿਪ
- ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਦਰਸ਼ਕ ਬਣਕੇ ਪੁੱਜੇ
ਪਟਿਆਲਾ, 11 ਫਰਵਰੀ 2024 – ਪਟਿਆਲਾ ਕੇਨਲ ਕਲੱਬ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ 60ਵੀਂ ਅਤੇ 61ਵੀਂ ਆਲ ਬ੍ਰੀਡ ਚੈਂਪੀਅਨਸ਼ਿਪ ਇਥੇ ਰਾਜਾ ਭਲਿੰਦਰ ਸਿੰਘ ਸਟੇਡੀਅਮ (ਪੋਲੋ ਗਰਾਊਂਡ) ਵਿਖੇ ਕਰਵਾਈ। ਇਸ ਮੌਕੇ ਵਿਸ਼ੇਸ਼ ਤੌਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਦਰਸ਼ਕ ਵਜੋਂ ਪੁੱਜੇ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਪਟਿਆਲਾ ਕੇਨਲ ਕਲੱਬ ਕਰੀਬ ਤਿੰਨ ਦਹਾਕੇ ਤੋਂ ਇਹ ਸ਼ੋਅ ਕਰਵਾ ਰਿਹਾ ਹੈ ਅਤੇ ਪਟਿਆਲਵੀਆਂ ਨੂੰ ਵੀ ਇਸ ਡਾਗ ਸ਼ੋਅ ਦੀ ਸਾਲ ਭਰ ਉਡੀਕ ਰਹਿੰਦੀ ਹੈ।
ਤਾਇਵਾਨ ਤੋਂ ਚੇਨ ਲੋਂਗ ਅਤੇ ਜਾਪਾਨ ਤੋਂ ਅਤਸੁਕੋ ਇਸ਼ੀਰੋਵ ਨੇ ਆਲ ਬ੍ਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਵਿਚ ਜੱਜ ਦੀ ਭੂਮਿਕਾ ਨਿਭਾਈ। ਸ਼ੋਅ ਵਿੱਚ 41 ਨਸਲਾਂ ਦੇ ਕੁੱਲ 210 ਕੁੱਤਿਆਂ ਨੇ ਭਾਗ ਲਿਆ ਤੇ ਜਰਮਨ ਸ਼ੈਫਰਡ ਡੌਗ-36, ਲੈਬਰਾਡੋਰ-24, ਗੋਲਡਨ ਰਿਟਰੀਵਰ-20, ਬੀਗਲ -18 ਗਿਣਤੀ ‘ਚ ਡਾਗ ਪੁੱਜੇ ਜਦਕਿ ਉਤਰ ਪ੍ਰਦੇਸ਼, ਦਿੱਲੀ, ਐਚਪੀ, ਅਸਾਮ, ਮੁੰਬਈ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ, ਝਾਰਖੰਡ, ਉੱਤਰਾਖੰਡ, ਤੇਲੰਗਾਨਾ, ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਅਤੇ ਦੂਰ-ਦੁਰਾਡੇ ਤੋਂ ਦਰਸ਼ਕਾਂ ਨੇ ਵੀ ਸ਼ੋਅ ਵਿੱਚ ਹਿੱਸਾ ਲਿਆ।
ਕੇਨਲ ਕਲੱਬ ਦੇ ਸਕੱਤਰ ਜਨਰਲ ਜੀ.ਪੀ. ਸਿੰਘ ਬਰਾੜ ਨੇ ਦੱਸਿਆ ਕਿ ਇਸ ਸ਼ੋਅ ਨੇ ਪਟਿਆਲਵੀਆਂ ਨੂੰ ਕੁੱਤਿਆਂ ਦੀਆਂ ਵਿਦੇਸ਼ੀ ਨਸਲਾਂ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਮੌਕੇ ਸ਼ੋਅ ਦਾ ਇੱਕ ਯਾਦਗਾਰੀ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਡਾ. ਇਸਮਿਤ ਵਿਜੈ ਸਿੰਘ ਵੀ ਮੌਜੂਦ ਸਨ।
ਦਰਸ਼ਕ ਕੁਝ ਵਿਦੇਸ਼ੀ ਅਤੇ ਦੁਰਲੱਭ ਨਸਲਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਬੱਚਿਆਂ ਨੇ ਕੁੱਤਿਆਂ ਦੀ ਦੁਨੀਆ ਦੀਆਂ ਸਭ ਤੋਂ ਛੋਟੀਆਂ ਅਤੇ ਸਭ ਤੋਂ ਵੱਡੀਆਂ ਨਸਲਾਂ ਨੂੰ ਦੇਖ ਕੇ ਆਨੰਦ ਲਿਆ। ਸ਼ੋਅ ਵਿੱਚ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਡਾਗ ਸ਼ੋਅ ਵਿਚ ਚਾਰਲਸ ਸਪੈਨੀਏਲ, ਬਾਰਨੀਜ਼ ਮਾਉਂਟੇਨ ਡੌਗ, ਬੈਲਜੀਅਨ ਸ਼ੈਫਰਡ ਡੌਗ, ਸ਼ਿਹ ਜੂ, ਕੇਨ ਕੋਰਸੋ, ਪੀਕਿੰਗਸੀ, ਅਕਿਤਾ, ਸਮੋਏਡ, ਡੋਜ ਡੀਬੋਰਡੋ ਸ਼ੋਅ ਦੇ ਮੁੱਖ ਖਿੱਚ ਦਾ ਕੇਂਦਰ ਸਨ।
ਡਾਗ ਸ਼ੋਅ ‘ਚ ਪੁੱਜੇ ਦਰਸ਼ਕਾਂ ਨੇ ਇਸ ਸ਼ੋਅ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹਰ ਸਾਲ ਪਟਿਆਲਾ ਕੇਨਲ ਕਲੱਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਏ ਜਾਂਦੇ ਇਸ ਡਾਗ ਸ਼ੋਅ ਵਿੱਚ ਕੁੱਤਿਆਂ ਦੀਆਂ ਦੇਸੀ ਅਤੇ ਵਿਦੇਸ਼ੀ ਨਸਲਾਂ ਇਕੋ ਥਾਂ ‘ਤੇ ਦੇਖਣ ਨੂੰ ਮਿਲਦੀਆਂ ਹਨ ਅਤੇ ਖਾਸ ਕਰ ਬੱਚਿਆਂ ਨੂੰ ਇਸ ਡਾਗ ਸ਼ੋਅ ਦੀ ਉਡੀਕ ਰਹਿੰਦੀ ਹੈ।