ਚੰਡੀਗੜ੍ਹ, 1 ਅਪ੍ਰੈਲ 2023 – ਪੰਜਾਬ ਵਿੱਚ ਸ਼ਰਾਬ ਦੇ ਸ਼ੌਕੀਨ ਲੋਕਾਂ ਨੂੰ ਝਟਕਾ ਲੱਗਣ ਵਾਲਾ ਹੈ। ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨਾਲ ਹੁਣ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਹੁਣ ਦੇਸੀ ਸ਼ਰਾਬ ਦੀ ਬੋਤਲ ‘ਤੇ 10 ਰੁਪਏ ਅਤੇ ਅੰਗਰੇਜ਼ੀ ਸ਼ਰਾਬ ਦੀ ਬੋਤਲ ‘ਤੇ 20 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇੱਕ ਹਿੰਦੀ ਨਿਊਜ਼ ਵੈਬਸਾਈਟ ਦੀ ਖ਼ਬਰ ਮੁਤਾਬਕ ਬੀਅਰ ਦੀ ਬੋਤਲ ‘ਤੇ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕਈ ਸ਼ਰਾਬ ਠੇਕੇਦਾਰਾਂ ਨੇ ਇਹ ਵਾਧਾ ਪਹਿਲਾਂ ਹੀ ਲਾਗੂ ਕਰ ਦਿੱਤਾ ਸੀ। ਮਾਰਚ ਵਿੱਚ ਹੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ ਇੱਕ ਬੋਤਲ ਦੇ ਰੇਟ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸ਼ਰਾਬ ਦੀ ਕੀਮਤ ਹੋਰਨਾਂ ਸੂਬਿਆਂ ਦੇ ਮੁਕਾਬਲੇ ਘੱਟ ਹੈ। ਉਨ੍ਹਾਂ ਅਨੁਸਾਰ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਨਾਲ ਆਮਦਨ ਵਿੱਚ ਕਰੀਬ 43 ਫੀਸਦੀ ਵਾਧਾ ਹੋਇਆ ਹੈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਠੱਪ ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 7,989 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ ਸੂਬੇ ਦੇ ਸਾਰੇ ਠੇਕਿਆਂ ਦੀ ਨਿਲਾਮੀ ਕਰਕੇ 8,007 ਕਰੋੜ ਰੁਪਏ ਕਮਾਏ ਹਨ। ਸਾਲ 2023-24 ਲਈ ਆਬਕਾਰੀ ਤੋਂ 9,745 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਨੇ 171 ਗਰੁੱਪਾਂ ਦੀ ਨਿਲਾਮੀ ਮੁਕੰਮਲ ਕਰ ਲਈ ਹੈ, ਜਿਨ੍ਹਾਂ ਵਿੱਚੋਂ ਕਰੀਬ 70 ਫੀਸਦੀ ਗਰੁੱਪਾਂ ਨੂੰ ਪੁਰਾਣੇ ਕਾਰੋਬਾਰੀਆਂ ਨੂੰ ਨਵਿਆਇਆ ਗਿਆ ਹੈ। ਨਵਿਆਉਣ ਵਾਲੇ ਗਰੁੱਪਾਂ ਵਿੱਚ ਤਿੰਨ ਸਲੈਬਾਂ ਬਣਾਈਆਂ ਗਈਆਂ ਹਨ। ਜਿੱਥੇ ਅਲਕੋਹਲ ਦੀ ਵਿਕਰੀ ਜ਼ਿਆਦਾ ਸੀ, ਗਰੁੱਪ ਨੂੰ 16 ਫੀਸਦੀ ਦੇ ਵਾਧੇ ਨਾਲ, ਮੀਡੀਅਮ ਸੇਲ ਗਰੁੱਪ ਨੂੰ 12 ਫੀਸਦੀ ਵਾਧੇ ਨਾਲ ਅਤੇ ਘੱਟ ਵਿਕਰੀ ਵਾਲੇ ਗਰੁੱਪ ਨੂੰ 10 ਫੀਸਦੀ ਵਾਧੇ ਨਾਲ ਅਪਡੇਟ ਕੀਤਾ ਗਿਆ ਹੈ। ਸਾਲ 2022-23 ਦੌਰਾਨ ਆਬਕਾਰੀ ਮਾਲੀਆ ਦਾ ਟੀਚਾ 9600 ਕਰੋੜ ਰੱਖਿਆ ਗਿਆ ਸੀ ਅਤੇ ਹੁਣ ਤੱਕ ਸਰਕਾਰ ਨੂੰ 8900 ਕਰੋੜ ਦੀ ਆਮਦਨ ਹੋਈ ਹੈ।
ਦੱਸ ਦਈਏ ਕਿ ਪਿਛਲੇ ਸਾਲ ਜੂਨ 2022 ‘ਚ ਨੌਂ ਮਹੀਨਿਆਂ ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਈ ਸੀ, ਜਿਸ ਤੋਂ ਸਰਕਾਰ ਨੂੰ 5,446 ਕਰੋੜ ਰੁਪਏ ਦੀ ਆਮਦਨ ਹੋਈ ਸੀ। ਆਬਕਾਰੀ ਵਿਭਾਗ ਨੇ ਹਰੇਕ ਲਾਇਸੈਂਸਿੰਗ ਯੂਨਿਟ ਨੂੰ ਦੋ ਮਾਡਲ ਸ਼ਰਾਬ ਦੇ ਠੇਕੇ ਸਥਾਪਤ ਕਰਨ ਲਈ ਵੀ ਕਿਹਾ ਹੈ।