- ਵਿੱਤ ਮੰਤਰੀ ਨੂੰ ਲਿਖਿਆ ਪੱਤਰ
ਲੁਧਿਆਣਾ, 23 ਜੂਨ, 2024: ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲ ‘ਵਿਅਕਤੀਗਤ ਟੈਕਸਦਾਤਾਵਾਂ ਲਈ ਆਮਦਨ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ’ ਦਾ ਮੁੱਦਾ ਉਠਾਇਆ ਹੈ।
ਵਿੱਤ ਮੰਤਰੀ ਨੂੰ ਲਿਖੇ ਪੱਤਰ ਵਿੱਚ ਅਰੋੜਾ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਵਿੱਤ ਮੰਤਰਾਲੇ ਦਾ ਚਾਰਜ ਸੰਭਾਲਣ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਅਕਤੀਗਤ ਟੈਕਸਦਾਤਾਵਾਂ ਅਤੇ ਕਾਰਪੋਰੇਟ ਇਕਾਈਆਂ ਦਰਮਿਆਨ ਆਮਦਨ ਕਰ ਦਰਾਂ ਵਿੱਚ ਅਸਮਾਨਤਾਵਾਂ ਦੇ ਭਖਦੇ ਮੁੱਦੇ ਵੱਲ ਉਨ੍ਹਾਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ।
ਅਰੋੜਾ ਨੇ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਵਿੱਤੀ ਮਾਹਿਰਾਂ ਦੇ ਵੱਖ-ਵੱਖ ਫੋਰਮਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ 5 ਕਰੋੜ ਰੁਪਏ ਤੋਂ ਵੱਧ ਆਮਦਨ ਵਾਲੇ ਵਿਅਕਤੀਆਂ ‘ਤੇ ਵੱਧ ਤੋਂ ਵੱਧ ਮਰਜਿਨਲ ਟੈਕਸ ਦਰ 42.74 ਫੀਸਦੀ ਹੈ, ਜਦੋਂ ਕਿ 10 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਮੱਧ ਵਰਗ ‘ਤੇ 31.20% ਦੀ ਦਰ ਹੈ। ਉਨ੍ਹਾਂ ਦੱਸਿਆ ਕਿ ਇਹ ਐਕਟ ਦੀ ਧਾਰਾ 115ਬੀਏਬੀ ਅਧੀਨ 25.17% ਦੀ ਕਾਰਪੋਰੇਟ ਟੈਕਸ ਦਰ ਦੇ ਬਿਲਕੁਲ ਉਲਟ ਹੈ।
ਉਨ੍ਹਾਂ ਨੇ ਇਹਨਾਂ ਦਰਾਂ ਨੂੰ ਤਰਕਸੰਗਤ ਬਣਾਉਣ, ਵਿਅਕਤੀਗਤ ਟੈਕਸਦਾਤਾਵਾਂ ਲਈ ਵੱਧ ਤੋਂ ਵੱਧ ਮਰਜਿਨਲ ਰੇਟ ਨੂੰ ਕਾਰਪੋਰੇਟਸ ਦੇ ਬਰਾਬਰ ਕਰਨ ਅਤੇ ਖਪਤ ਦੀ ਮੰਗ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਮੱਧ-ਵਰਗ ਦੇ ਨਾਗਰਿਕਾਂ ‘ਤੇ ਟੈਕਸ ਦੇ ਬੋਝ ਨੂੰ ਘਟਾਉਣ ਦੀ ਵਕਾਲਤ ਕੀਤੀ।