ਚੰਡੀਗੜ੍ਹ, 12 ਫਰਵਰੀ 2022 – ਕਾਂਗਰਸ ਦੇ ਸੀਨੀਅਰ ਲੀਡਰ ਅਤੇ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਈ ਡੀ ‘ਤੇ ਇਲਜ਼ਾਮ ਲਾਏ ਹਨ। ਬਿੱਟੂ ਨੇ ਇਲਜ਼ਾਮ ਲਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ, ਕਿ ਈ ਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਬੋਰੀ ‘ਚ ਪਾ ਕੇ ਕੁੱਟਿਆ ਗਿਆ ਹੈ।
ਬਿੱਟੂ ਨੇ ਕਿਹਾ ਕਿ ਹਨੀ ਨੂੰ ਟਾਰਚਰ ਕੀਤਾ ਗਿਆ ਹੈ ਅਤੇ ਬੋਰੀ ‘ਚ ਪਾ ਕੇ ਕੁੱਟਿਆ ਗਿਆ ਤਾਂ ਜੋ ਈ ਡੀ ਦੇ ਅਫਸਰਾਂ ਦੀ ਪਛਾਣ ਨਾ ਹੋ ਸਕੇ। ਬਿੱਟੂ ਨੇ ਅੱਗੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਹਨੀ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਗਿਆ ਹੈ, ਉਸ ਨੂੰ ਕਰੰਟ ਵੀ ਲਾਇਆ ਗਿਆ ਅਤੇ ਉਸ ਦੇ ਸਰੀਰ ‘ਤੇ ਇਹਨਾਂ ਸੱਟਾਂ ਦੇ ਨਿਸ਼ਾਨ ਵੀ ਹਨ ਪਰ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ 11 ਫਰਵਰੀ ਨੂੰ ਈ ਡੀ ਨੇ ਭੁਪਿੰਦਰ ਹਨੀ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਤੋਂ ਰਿਮਾਂਡ ਮੰਗਿਆ ਸੀ ਪਰ ਜਲੰਧਰ ਸਪੈਸ਼ਲ ਕੋਰਟ ਨੇ ਹਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ। ਈ ਡੀ ਨੇ ਉਸ ਕੋਲੋਂ 10 ਕਰੋੜ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਸੀ।