ਲੁਧਿਆਣਾ, 11 ਜੂਨ 2024 – ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਦਿੱਲੀ ਵਿਖੇ ਰੇਲ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਬਿੱਟੂ ਨੇ ਕਿਹਾ ਕਿ ਉਹ ਰੇਲਵੇ ਨੂੰ ਅੱਗੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਬਿੱਟੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਕਾਬਲ ਸਮਝਿਆ।
ਬਿੱਟੂ ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਕੇ ਰੇਲਵੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਸੇਵਾ ਇੱਕ ਅਜਿਹਾ ਕਾਰਜ ਹੈ, ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜਿਆ ਹੋਇਆ ਹੈ। ਦਰਜਾ-4 ਦੇ ਮੁਲਾਜ਼ਮਾਂ ਤੋਂ ਲੈ ਕੇ ਅਫਸਰਾਂ ਤੱਕ ਸਾਰਿਆਂ ਨੂੰ ਬਰਾਬਰ ਸਨਮਾਨ ਦੇ ਕੇ ਰੇਲਵੇ ਨੂੰ ਵਿਕਾਸ ਦੇ ਰਾਹ ‘ਤੇ ਲਿਜਾਇਆ ਜਾਵੇਗਾ।
ਬਿੱਟੂ ਦੇ ਰਾਜ ਮੰਤਰੀ ਬਣਨ ‘ਤੇ ਅੰਮ੍ਰਿਤਸਰ-ਦਿੱਲੀ ਦਰਮਿਆਨ ਹਾਈ ਸਪੀਡ ਰੇਲ ਪ੍ਰਾਜੈਕਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਹ ਟ੍ਰੈਕ ਲਗਭਗ 465 ਕਿਲੋਮੀਟਰ ਲੰਬਾ ਹੈ। ਇਸ ਵਿੱਚ ਪੰਜਾਬ ਹੀ ਨਹੀਂ ਹਰਿਆਣਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਪ੍ਰਾਜੈਕਟ ਹੁਣੇ ਸ਼ੁਰੂ ਹੋਇਆ ਹੈ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਕੁਝ ਘੰਟਿਆਂ ਦਾ ਰਹਿ ਜਾਵੇਗਾ।
ਚੰਡੀਗੜ੍ਹ ਰਾਜਪੁਰਾ ਰੇਲਵੇ ਰੂਟ ਹੈ, ਜੋ ਕਿ 2016 ਵਿੱਚ ਮਨਜ਼ੂਰ ਹੋਇਆ ਸੀ, ਪਰ ਅਜੇ ਤੱਕ ਪੂਰਾ ਨਹੀਂ ਹੋਇਆ। ਇਸ ਦੇ ਲਈ 1000 ਰੁਪਏ ਦੀ ਟੋਕਨ ਮਨੀ ਮਨਜ਼ੂਰ ਕੀਤੀ ਗਈ ਸੀ। ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਹੈ ਤਾਂ ਇਸ ਨਾਲ ਹਰਿਆਣਾ ਅਤੇ ਟ੍ਰਾਈਸਿਟੀ ਸਮੇਤ ਹੋਰ ਕਈ ਰਾਜਾਂ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਤੋਂ ਇਲਾਵਾ ਪੰਜਾਬ ਵਿਚ ਰੇਲਵੇ ‘ਤੇ ਆਧਾਰਿਤ ਕਾਫੀ ਉਦਯੋਗ ਹਨ। ਕਿਉਂਕਿ ਰੇਲਵੇ ਨਾਲ ਸਬੰਧਤ ਬਹੁਤ ਸਾਰੇ ਹਿੱਸੇ ਲੁਧਿਆਣਾ, ਮੋਹਾਲੀ ਅਤੇ ਜਲੰਧਰ ਵਿੱਚ ਤਿਆਰ ਹੁੰਦੇ ਹਨ। ਉਂਜ ਵੀ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਰੇਲਵੇ ਪ੍ਰਾਜੈਕਟ ਚੱਲ ਰਹੇ ਹਨ। ਸਾਬਕਾ ਕਾਂਗਰਸੀ ਆਗੂ ਪਵਨ ਬਾਂਸਲ ਤੋਂ ਬਾਅਦ ਇਹ ਵਿਭਾਗ ਪੰਜਾਬ ਜਾਂ ਚੰਡੀਗੜ੍ਹ ਆਇਆ ਹੈ।