PBI Uni ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਭਾਰਤੀ TV ਇਸ਼ਤਿਹਾਰਾਂ ‘ਚ ਧੋਖਾਧੜੀ ਦੇ ਹੈਰਾਨ ਕਰਨ ਵਾਲ਼ੇ ਰੁਝਾਨ ਆਏ ਸਾਹਮਣੇ

  • 63% ਪ੍ਰਾਈਮ ਟਾਈਮ ਟੀਵੀ ਇਸ਼ਤਿਹਾਰ ਕਰ ਰਹੇ ਹਨ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਵੱਲੋਂ ਮਿੱਥੇ ਹੋਏ ਮਾਪਦੰਡਾਂ ਦੀ ਉਲੰਘਣਾ
  • ਟਮਾਟਰਾਂ ਦੀ ਤਾਜ਼ਗੀ ਸਬੰਧੀ ਇਸ਼ਤਿਹਾਰੀ ਦਾਅਵਾ ਕਰਨ ਵਾਲ਼ੇ ਇੱਕ ਕੈਚਅਪ ਉਤਪਾਦ ਵਿੱਚ ਸਿਰਫ਼ 28% ਹਨ ਟਮਾਟਰ; 33.33% ਹੁੰਦੀ ਹੈ ਚੀਨੀ
  • ਵੱਖ-ਵੱਖ ਬ੍ਰਾਂਡਜ਼ ਨੂੰ ਜਵਾਬਦੇਹ ਬਣਾਉਣ ਲਈ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਨੂੰ ਹੋਰ ਅਧਿਕਾਰ ਦਿੱਤੇ ਜਾਣ ਦੀ ਲੋੜ

ਪਟਿਆਲਾ, 18 ਮਈ 2025 – ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਭਾਰਤੀ ਟੀਵੀ ਇਸ਼ਤਿਹਾਰਾਂ ਵਿੱਚ ਧੋਖਾਧੜੀ ਦੇ ਹੈਰਾਨ ਕਰਨ ਵਾਲ਼ੇ ਰੁਝਾਨ ਸਾਹਮਣੇ ਆਏ ਹਨ ਹੈ। ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ ਨਿਗਰਾਨ ਪ੍ਰੋ. ਭੁਪਿੰਦਰ ਸਿੰਘ ਬੱਤਰਾ ਦੀ ਅਗਵਾਈ ਹੇਠ ਖੋਜਾਰਥੀ ਡਾ. ਰੁਚਿਕਾ ਵੱਲੋਂ ਕੀਤੇ ਗਏ ਇਸ ਅਧਿਐਨ ਤਹਿਤ ਟੀਵੀ ਉੱਤੇ ਆਉਣ ਵਾਲ਼ੇ ਇਸ਼ਤਿਹਾਰਾਂ ਵਿੱਚ ‘ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ’ ਵੱਲੋਂ ਮਿੱਥੇ ਹੋਏ ਮਾਪਦੰਡਾਂ ਦੀ ਉਲੰਘਣਾ ਬਾਰੇ ਜਾਂਚ ਕੀਤੀ ਗਈ ਹੈ।

ਖੋਜਾਰਥੀ ਡਾ. ਰੁਚਿਕਾ ਨੇ ਦੱਸਿਆ ਕਿ ਖਾਣ-ਪੀਣ ਨਾਲ਼ ਸਬੰਧਤ ਵਸਤੂਆਂ ਦੇ ਇਸ਼ਤਿਹਾਰਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਇਹ ਅਧਿਐਨ ਤਿੰਨ ਪ੍ਰਮੁੱਖ ਚੈਨਲਾਂ ਉੱਤੇ ਆਧਾਰਿਤ ਸੀ। ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ ਕਿ 63% ਪ੍ਰਾਈਮ ਟਾਈਮ ਟੀਵੀ ਇਸ਼ਤਿਹਾਰਾਂ ਵਿੱਚ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਵੱਲੋਂ ਮਿੱਥੇ ਹੋਏ ਮਾਪਦੰਡਾਂ ਦੀ ਉਲੰਘਣਾ ਹੋ ਰਹੀ ਹੈ। ਇਨ੍ਹਾਂ 63% ਇਸ਼ਤਿਹਾਰਾਂ ਵਿੱਚੋਂ 87.7% ਇਸ਼ਤਿਹਾਰਾਂ ਨੇ ਤੱਥਾਂ ਨੂੰ ਗ਼ਲਤ ਢੰਗ ਨਾਲ਼ ਦਰਸਾਇਆ, ਸਿਹਤ ਸੰਬੰਧੀ ਲਾਭਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂ ਆਪਣੇ ਪ੍ਰੋਡਕਟਸ ਦੇ ਚਮਤਕਾਰੀ ਨਤੀਜੇ ਦੱਸੇ—ਜੋ ਕਿ ਲੋਕਾਂ ਦੇ ਵਿਸ਼ਵਾਸ ਅਤੇ ਸੱਚੀ ਜਾਣਕਾਰੀ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਇਨ੍ਹਾਂ ਵਿੱਚੋਂ ਲਗਭਗ 91.8% ਟੀਵੀ ਇਸ਼ਤਿਹਾਰਾਂ ਨੇ ਕੌਂਸਲ ਦੀਆਂ ਦੋ ਧਾਰਾਵਾਂ ਦੀ ਉਲੰਘਣਾ ਕੀਤੀ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰਾਂ ਵਿੱਚ ਜੰਕ ਫੂਡ ਨੂੰ ਪੋਸ਼ਣ ਵਾਲਾ ਦੱਸਣਾ ਜਾਂ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਆਦਿ ਦਾ ਰੁਝਾਨ ਆਮ ਹੈ। 39.7% ਇਸ਼ਤਿਹਾਰਾਂ ਵਿੱਚ ਮਸ਼ਹੂਰ ਹਸਤੀਆਂ (ਸੈਲੀਬ੍ਰਿਟੀਜ਼) ਵੱਲੋਂ ਸਬੰਧਤ ਪ੍ਰੋਡਕਟ ਬਾਰੇ ਪੁਸ਼ਟੀ ਕੀਤੇ ਜਾਣਾ ਸ਼ਾਮਲ ਰਿਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 82% ਇਸ਼ਤਿਹਾਰ ਗ਼ਲਤ ਦਾਅਵਿਆਂ ਨਾਲ਼ ਭਰੇ ਹੋਏ ਸਨ, ਜਿੱਥੇ ਵਿਗਿਆਨਕ ਤੱਥਾਂ ਜਾਂ ਪੁਸ਼ਟੀ ਦੀ ਬਜਾਇ ‘ਸਟਾਰਡਮ’ ਨੂੰ ਤਰਜੀਹ ਦਿੱਤੀ ਗਈ। ਇਨ੍ਹਾਂ ਵਿੱਚੋਂ 42.5% ਇਸ਼ਤਿਹਾਰਾਂ ਵਿੱਚ ਦਿੱਤੇ ਗਏ ‘ਡਿਸਕਲੇਮਰ’ ਪੜ੍ਹਨ ਯੋਗ ਨਹੀਂ ਸਨ ਜਾਂ ਬਹੁਤ ਹੀ ਛੋਟੇ ਸਨ, ਜਿਸ ਕਾਰਨ ਮਹੱਤਵਪੂਰਨ ਸਿਹਤ ਸੰਬੰਧੀ ਜਾਣਕਾਰੀ ਛੁਪ ਜਾਂਦੀ ਸੀ ਅਤੇ ਗ਼ਲਤ ਦਾਅਵੇ ਵੀ ਉਭਰ ਕੇ ਸਾਹਮਣੇ ਆਉਂਦੇ ਸਨ।

ਕਈ ਵਾਰ ਤਾਂ ਅਜਿਹੇ ਸ਼ਬਦਾਂ ਜਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਜੋ ਸਬੰਧਤ ਟੀਵੀ ਦੀ ਭਾਸ਼ਾ ਨਾਲ਼ ਮੇਲ ਨਹੀਂ ਖਾਂਦੀ। ਇਨ੍ਹਾਂ ਵਿੱਚ 4.1% ਇਸ਼ਤਿਹਾਰ ਲਿੰਗ ਅਧਾਰਤ ਭੇਦਭਾਵ ਨੂੰ ਵੀ ਵਧਾਵਾ ਦੇ ਰਹੇ ਸਨ। ਅਧਿਐਨ ਤੋਂ ਪਤਾ ਲੱਗਾ ਕਿ 58% ਲੋਕ ਜਾਣਦੇ ਹਨ ਕਿ ਟੀਵੀ ਇਸ਼ਤਿਹਾਰਾਂ ਵਿੱਚ ਧੋਖਾ ਹੋ ਸਕਦਾ ਹੈ ਅਤੇ 51% ਲੋਕ ਉਨ੍ਹਾਂ ਦੇ ਦਾਅਵਿਆਂ ‘ਤੇ ਭਰੋਸਾ ਨਹੀਂ ਕਰਦੇ; ਪਰ ਵੱਡੀ ਗਿਣਤੀ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੁੰਦੇ ਹਨ। ਉਦਾਹਰਨ ਵਜੋਂ, 68% ਲੋਕ ਸੁੰਦਰ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਸਿਹਤ ਅਤੇ ਵਜ਼ਨ ਘਟਾਉਣ ਵਾਲੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ, 59% ਸ਼ੂਗਰ ਵਾਲ਼ੇ ਉਤਪਾਦਾਂ ਨੂੰ ਵਿਸ਼ੇਸ਼ਤਾ ਨਾਲ ਜੋੜਦੇ ਹਨ, ਅਤੇ 61% ਲੋਕ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਸਿਹਤ ਲਾਭ ਸਬੰਧੀ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਨ।

ਪ੍ਰੋ. ਭੁਪਿੰਦਰ ਸਿੰਘ ਬੱਤਰਾ ਨੇ ਕਿਹਾ ਕਿ ਇਹ ਉੱਚ ਦਰਜੇ ਦੀ ਉਲੰਘਣਾ ਵਰਤੋਂਕਾਰਾਂ ਲਈ ਗੰਭੀਰ ਜੋਖਮ ਪੈਦਾ ਕਰਦੀ ਹੈ, ਖਾਸ ਕਰ ਕੇ ਜਦੋਂ ਇਹ ਇਸ਼ਤਿਹਾਰ ਸਿਹਤ ਅਤੇ ਪੋਸ਼ਣ ਸਬੰਧੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾ ਰਹੇ ਹੋਣ। ਉਨ੍ਹਾਂ ਕਿਹਾ ਕਿ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਦੀ ਧਾਰਾ 2 ਦੀ ਉਲੰਘਣਾ ਕਰ ਕੇ, ਸਿਹਤ ਲਾਭਾਂ ਨੂੰ ਵਧਾ-ਚੜ੍ਹਾ ਕੇ ਦੱਸਣਾ ਦਰਸ਼ਕਾਂ ਨੂੰ ਇਹ ਯਕੀਨ ਦਿਵਾਉਂਦਾ ਹੈ ਕਿ ਆਮ ਉਤਪਾਦ ਵੀ ਔਸ਼ਧੀ ਵਾਂਗ ਜਾਂ ਅਤਿ ਉੱਤਮ ਸਿਹਤ ਲਾਭ ਦਿੰਦੇ ਹਨ, ਜੋ ਗ਼ਲਤ ਖਾਣ ਪੀਣ ਦੀ ਆਦਤ ਪੈਦਾ ਕਰਦੇ ਹਨ। ਇਸ਼ਤਿਹਾਰ ਵਿੱਚ ਦਿੱਤੀ ਜਾਣਕਾਰੀ, ਪੈਕਿੰਗ ਉੱਤੇ ਦਿੱਤੀ ਜਾਣਕਾਰੀ ਅਤੇ ਅਸਲ ਸਮੱਗਰੀ ਦੇ ਵਿਚਕਾਰ ਤਰਕਸੰਗਤਤਾ ਦੀ ਘਾਟ (ਧਾਰਾ 8) ਵੀ ਪ੍ਰਾਈਮ ਟਾਈਮ ਇਸ਼ਤਿਹਾਰਾਂ ਵਿੱਚ ਜ਼ਿਆਦਾ ਪਾਈ ਗਈ ਹੈ, ਜੋ ਵਰਤੋਂਕਾਰਾਂ ਨੂੰ ਗ਼ਲਤ ਫ਼ੈਸਲੇ ਲੈਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਇਆ ਕਿ ਲਗਭਗ 60% ਬਿਸਕਟਾਂ ਦੇ ਟੀਵੀ ਇਸ਼ਤਿਹਾਰ ਦਰਸ਼ਕਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਗ਼ਲਤ ਜਾਣਕਾਰੀ ਦਿੰਦੇ ਹਨ ਕਿ ਇਹ ਰੋਟੀ ਅਤੇ ਦੁੱਧ ਵਰਗੀ ਪੌਸ਼ਟਿਕਤਾ ਦਿੰਦੇ ਹਨ, ਜਦਕਿ ਅਸਲ ਵਿੱਚ ਇਹ ਚੀਨੀ ਅਤੇ ਮੈਦੇ ਨਾਲ਼ ਭਰਪੂਰ ਹੁੰਦੇ ਹਨ।

ਇਸੇ ਤਰ੍ਹਾਂ ਇੱਕ ਟਮਾਟਰ ਕੈਚਅਪ ਬ੍ਰਾਂਡ ਆਪਣੇ ਇਸ਼ਤਿਹਾਰ ਵਿੱਚ ਇਹ ਦਾਅਵਾ ਕਰਦਾ ਹੈ ਕਿ ਇਹ ਤੁਹਾਡੀ ਸਧਾਰਣ ਰੋਟੀ-ਸਬਜ਼ੀ ਨੂੰ ਸਵਾਦਿਸ਼ਟ ਰੋਲ ‘ਚ ਬਦਲ ਸਕਦਾ ਹੈ, ਅਤੇ ਤਾਜ਼ੇ ਟਮਾਟਰਾਂ ਨੂੰ ਜਾਦੂਈ ਤਰੀਕੇ ਨਾਲ ਸੌਸ ਵਿੱਚ ਤਬਦੀਲ ਹੁੰਦੇ ਹੋਏ ਵਿਖਾਉਂਦਾ ਹੈ। ਪਰ ਅਸਲ ਸੱਚ ਇਹ ਹੈ ਕਿ ਇਸ ਉਤਪਾਦ ਵਿੱਚ ਸਿਰਫ਼ 28% ਟਮਾਟਰ ਅਤੇ 33.33% ਚੀਨੀ ਹੁੰਦੀ ਹੈ, ਜਿਸ ਵਿੱਚ ਹਰ 15 ਗ੍ਰਾਮ ਸਰਵਿੰਗ ਵਿੱਚ 4.8 ਗ੍ਰਾਮ ਚੀਨੀ — 100 ਗ੍ਰਾਮ ਵਿੱਚ 32 ਗ੍ਰਾਮ ਚੀਨੀ- ਹੈ, ਅਤੇ ਇਸ ਵਿੱਚ ਪ੍ਰਿਜ਼ਰਵੇਟਿਵ 211 ਵੀ ਸ਼ਾਮਿਲ ਹੈ, ਜੋ ‘ਤਾਜ਼ਗੀ’ ਦੇ ਦਾਅਵੇ ਨੂੰ ਝੁਠਲਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਅਧਿਐਨ ਵਿੱਚ ਸੁਝਾਇਆ ਗਿਆ ਹੈ ਕਿ ਇਸ ਮਾਮਲੇ ਵਿੱਚ ਵੱਖ-ਵੱਖ ਬ੍ਰਾਂਡਜ਼ ਨੂੰ ਜਵਾਬਦੇਹ ਬਣਾਉਣ ਲਈ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਨੂੰ ਹੋਰ ਅਧਿਕਾਰ ਦਿੱਤੇ ਜਾਣ ਦੀ ਲੋੜ ਹੈ। ਜਿਵੇਂ ਇਸ ਗੱਲ ਨੂੰ ਕਾਨੂੰਨ ਬਣਾ ਦਿੱਤਾ ਜਾਵੇ ਕਿ ਪੋਸ਼ਣ ਸੰਬੰਧੀ ਦਾਅਵੇ ਪੂਰੇ ਪੰਜ ਸਕਿੰਟ ਲਈ ਸਕ੍ਰੀਨ ‘ਤੇ ਸਪਸ਼ਟ ਰੂਪ ਵਿੱਚ ਦਿਖਾਏ ਜਾਣ। ਇਸੇ ਤਰ੍ਹਾਂ ਜਿਹੜੇ ਸੈਲੀਬ੍ਰਿਟੀ ਉਤਪਾਦਾਂ ਨੂੰ ਪ੍ਰੋਮੋਟ ਕਰ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਲਿਖਤੀ ਜ਼ਿੰਮੇਦਾਰੀ ਲੈਣ ਕਿ ਉਤਪਾਦ ਸਿਹਤ ਲਈ ਹਾਨੀਕਾਰਕ ਨਹੀਂ ਹੈ ਅਤੇ ਇਸ ਇਸ਼ਤਿਹਾਰ ਵਿਚ ਦਿੱਤੀ ਹਰ ਜਾਣਕਾਰੀ ਸੱਚੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਮੁਹਿੰਮ ਚਲਾਉਣ ਦੀ ਲੋੜ ਹੈ ਕਿ ਲੋਕ ਲੇਬਲ ਪੜ੍ਹਨ ਅਤੇ ਉਤਪਾਦ ਦੀਆਂ ਸਮੱਗਰੀਆਂ ਨੂੰ ਸਮਝਣ ਬਾਰੇ ਬੁਨਿਆਦੀ ਜਾਣਕਾਰੀ ਲੈਣ ਅਤੇ ਸਮਝਣ ਕਿ ਟੀਵੀ ਇਸ਼ਤਿਹਾਰਾਂ ਵਿੱਚ ਦਿੱਤੀ ਜਾਣਕਾਰੀ ‘ਤੇ ਅੰਧ ਵਿਸ਼ਵਾਸ ਨਾ ਕੀਤਾ ਜਾਵੇ।

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਅਧਿਐਨਾਂ ਨੂੰ ਵੱਡੇ ਪੱਧਰ ਉੱਤੇ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ ਤਾਂ ਕਿ ਆਮ ਲੋਕ ਇਸ ਤਰ੍ਹਾਂ ਦੇ ਮਾੜੇ ਰੁਝਾਨ ਤੋਂ ਜਾਗਰੂਕ ਹੋਣ ਅਤੇ ਅਜਿਹੀ ਇਸ਼ਤਿਹਾਰਬਾਜ਼ੀ ਦੇ ਚੁੰਗਲ਼ ਵਿੱਚ ਫਸਣ ਤੋਂ ਬਚ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਸਰਕਾਰ ਨੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ‘ਕੁਆਲਿਟੀ ਪ੍ਰਮਾਣ ਪੱਤਰ’ ਦੇ ਐਵਾਰਡ ਨਾਲ ਨਵਾਜਿਆ