- ਅਬੋਹਰ ਦੀ ਪੰਜਾਬ ਐਗਰੋ ਤੋਂ ਵਿਦੇਸ਼ਾਂ ਨੂੰ ਜਾਣ ਲੱਗੀ ਲਾਲ ਮਿਰਚ ਅਤੇ ਟਮਾਟਰ ਦੀ ਪੇਸਟ
- ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਐਗਰੋ ਦੀ ਜੂਸ ਫੈਕਟਰੀ ਦਾ ਜਾਇਜਾ
ਫਾਜ਼ਿਲਕਾ 19 ਜੁਲਾਈ 2024 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਦੀ ਤਰੱਕੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਪੰਜਾਬ ਐਗਰੋ ਟਮਾਟਰ ਅਤੇ ਗਿੱਲੀ ਲਾਲ ਮਿਰਚ ਦੀ ਕਿਸਾਨਾਂ ਤੋਂ ਕਾਸ਼ਤ ਕਰਵਾ ਰਿਹਾ ਹੈ। ਟਮਾਟਰ ਅਤੇ ਲਾਲ ਮਿਰਚ ਤੋਂ ਤਿਆਰ ਪੇਸਟ ਦੀ ਖਾੜੀ ਦੇਸ਼ਾਂ ਵਿੱਚ ਭਾਰੀ ਮੰਗ ਹੈ ਅਤੇ ਲਗਾਤਾਰ ਇੱਥੋਂ ਇਸ ਦਾ ਨਿਰਯਾਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਟਮਾਟਰ ਅਤੇ ਲਾਲ ਮਿਰਚ ਦੀ ਕਾਸਤ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ।
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅਬੋਹਰ ਦੇ ਆਲਮਗੜ੍ਹ ਵਿਖੇ ਬਣੀ ਪੰਜਾਬ ਐਗਰੋ ਦੀ ਜੂਸ ਫੈਕਟਰੀ ਦਾ ਦੌਰਾ ਕੀਤਾ ਅਤੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਥੋਂ ਲਾਲ ਮਿਰਚ ਅਤੇ ਟਮਾਟਰ ਦੀ ਪੇਸਟ ਖਾੜੀ ਦੇਸ਼ਾਂ ਨੂੰ ਨਿਰਯਾਤ ਕੀਤੀ ਜਾ ਰਹੀ ਹੈ। ਖਾੜੀ ਦੇਸ਼ਾਂ ਵਿੱਚ ਇਸ ਦੀ ਵੱਡੀ ਮੰਗ ਹੋਣ ਦੇ ਕਾਰਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਰੀ ਮਿਰਚ ਅਤੇ ਟਮਾਟਰ ਲਗਾਉਣ ਲਈ ਉਤਸਾਹਿਤ ਕੀਤਾ ਜਾਵੇਗਾ।
ਇਸ ਮੌਕੇ ਉਨਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਐਗਰੋ ਨਾਲ ਤਾਲਮੇਲ ਕਰਕੇ ਲਾਲ ਮਿਰਚ ਅਤੇ ਟਮਾਟਰ ਦੀ ਕਾਸ਼ਤ ਵੱਲ ਆਉਣ। ਉਹਨਾਂ ਨੇ ਕਿਹਾ ਕਿ ਇਸ ਲਈ ਪੰਜਾਬ ਐਗਰੋ ਦੀ ਹਾਈਟੈਕ ਨਰਸਰੀ ਤੋਂ ਹੀ ਪਨੀਰੀ ਵੀ ਲੋਕਾਂ ਨੂੰ ਮਿਲ ਸਕਦੀ ਹੈ।
ਉਨਾਂ ਦੱਸਿਆ ਕਿ ਅਬੋਹਰ ਦੀ ਜੂਸ ਫੈਕਟਰੀ ਵਿੱਚ ਸਲਾਨਾ 6 ਹਜਾਰ ਮੀਟਰਿਕ ਟਨ ਟਮਾਟਰ ਦੀ ਪੇਸਟ ਤਿਆਰ ਕਰਨ ਦੀ ਸਮਰੱਥਾ ਹੈ ਜਦਕਿ ਰੋਜ਼ਾਨਾ 30 ਮੀਟਰਿਕ ਟਨ ਮਿਰਚ ਦੀ ਪ੍ਰੋਸੈਸਿੰਗ ਦੀ ਸਮਰੱਥਾ ਹੈ।
ਇਸ ਵੇਲੇ ਪੰਜਾਬ ਐਗਰੋ ਵੱਲੋਂ 28 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਡੰਡੀ ਸਮੇਤ ਕੌੜੀ ਗਿੱਲੀ ਲਾਲ ਮਿਰਚ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਪੇਸਟ ਤਿਆਰ ਕਰਕੇ ਵਿਦੇਸ਼ਾਂ ਨੂੰ ਭੇਜੀ ਜਾਂਦੀ ਹੈ।
ਇਸ ਮੌਕੇ ਪੰਜਾਬ ਐਗਰੋ ਦੇ ਅਧਿਕਾਰੀ ਪਲਾਂਟ ਹੈਡ ਸੁਭਾਸ਼ ਚੌਧਰੀ ਅਤੇ ਮੈਨੇਜਰ ਗੁਰਪ੍ਰੀਤ ਸਿੰਘ ।ਵੀ ਹਾਜ਼ਰ ਸਨ । ਉਨਾਂ ਆਖਿਆ ਕਿ ਕਿਸਾਨ ਇਸ ਸਬੰਧੀ ਪੰਜਾਬ ਐਗਰੋ ਨਾਲ ਸੰਪਰਕ ਕਰਨ। ਪੰਜਾਬ ਐਗਰੋ ਵੱਲੋਂ ਟਮਾਟਰ ਅਤੇ ਮਿਰਚ ਤੇ ਲਵਾਈ, ਸਾਂਭ ਸੰਭਾਲ, ਤੁੜਾਈ ਅਤੇ ਮੰਡੀਕਰਨ ਵਿੱਚ ਪੂਰੀ ਮਦਦ ਕਰਨ ਲਈ ਪੂਰੀ ਸਹਾਇਤਾ ਚੇਨ ਕਿਸਾਨਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ।