- ਚੰਡੀਗੜ੍ਹ ਪ੍ਰਸ਼ਾਸਕ ਦੇ ਐਡਵਾਈਜ਼ਰ ਹੋ ਰਹੇ ਨੇ ਰਿਟਾਇਰ,
- ਹੁਣ ਆਉਣ ਵਾਲੇ ਨਵੇਂ ਅਧਿਕਾਰੀ ਨੂੰ ਲੈਣਾ ਪਵੇਗਾ ਫੈਸਲਾ
ਚੰਡੀਗੜ੍ਹ, 31 ਅਕਤੂਬਰ 2023 – ਚੰਡੀਗੜ੍ਹ ‘ਚ ਇਲੈਕਟ੍ਰਿਕ ਵਾਹਨ ਪਾਲਿਸੀ ਕਾਰਨ ਈਂਧਨ ‘ਤੇ ਆਧਾਰਿਤ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਫੈਸਲਾ ਅਜੇ ਵੀ ਮੁਸ਼ਕਿਲ ਹੈ, ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਡਾ: ਧਰਮਪਾਲ ਅੱਜ ਸੇਵਾਮੁਕਤ ਹੋ ਰਹੇ ਹਨ। ਇਸ ਕਾਰਨ ਹੁਣ ਇਸ ਬਾਰੇ ਕੋਈ ਵੀ ਫੈਸਲਾ ਆਉਣ ਵਾਲੇ ਨਵੇਂ ਸਲਾਹਕਾਰ ਨੇ ਹੀ ਲੈਣਾ ਹੈ। ਔਨਲਾਈਨ ਰਜਿਸਟ੍ਰੇਸ਼ਨ ਪੋਰਟਲ ਐਤਵਾਰ ਦੁਪਹਿਰ 2 ਵਜੇ ਤੱਕ ਨੀਤੀ ਦੇ ਤਹਿਤ ਦਿੱਤੀ ਗਈ ਛੋਟ ਦਾ ਕੋਟਾ ਪੂਰਾ ਹੋਣ ਕਾਰਨ ਆਪਣੇ ਆਪ ਬੰਦ ਹੋ ਗਿਆ ਸੀ।
ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਹੋਣ ਕਾਰਨ ਚੰਡੀਗੜ੍ਹ ਦਾ ਸਮੁੱਚਾ ਵਪਾਰੀ ਵਰਗ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਹੈ। ਇਸ ਸਬੰਧੀ ਵਪਾਰੀਆਂ, ਸਨਅਤਕਾਰਾਂ ਅਤੇ ਡੀਲਰਾਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਵੱਡਾ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ 18 ਅਕਤੂਬਰ ਨੂੰ ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ਨੇ ਸੈਕਟਰ-9 ਵਿੱਚ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਦੇ ਬਾਹਰ ਇਸ ਨੀਤੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਚੰਡੀਗੜ੍ਹ ਦੇ ਮੇਅਰ ਤੇ ਭਾਜਪਾ ਕੌਂਸਲਰ ਅਨੂਪ ਗੁਪਤਾ ਵੀ ਮੌਕੇ ’ਤੇ ਪੁੱਜੇ।
ਇਸ ਮਾਮਲੇ ਵਿੱਚ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕਰਨਾ ਗਲਤ ਹੈ। 11 ਦਿਨਾਂ ਵਿੱਚ 1609 ਦੋਪਹੀਆ ਵਾਹਨਾਂ ਦੀ ਵਿਕਰੀ ਦਰਸਾਉਂਦੀ ਹੈ ਕਿ ਲੋਕਾਂ ਦਾ ਝੁਕਾਅ ਅਜੇ ਵੀ ਪੈਟਰੋਲ ਦੋਪਹੀਆ ਵਾਹਨਾਂ ਵੱਲ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਇਲੈਕਟ੍ਰਿਕ ਵਾਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇ ਤਾਂ ਜੋ ਲੋਕ ਆਪਣੇ ਤੌਰ ‘ਤੇ ਇਲੈਕਟ੍ਰਿਕ ਵਾਹਨ ਖਰੀਦਣ।
ਚੰਡੀਗੜ੍ਹ ਦੇ ਦੋ ਪਹੀਆ ਵਾਹਨ ਡੀਲਰਾਂ ਨੇ ਦੀਵਾਲੀ ‘ਤੇ ਖਰੀਦਦਾਰੀ ਲਈ ਕਰੀਬ 500 ਵਾਹਨਾਂ ਦੀ ਐਡਵਾਂਸ ਬੁਕਿੰਗ ਕਰਵਾਈ ਹੈ। ਅਜਿਹੇ ‘ਚ ਦੋਪਹੀਆ ਵਾਹਨ ਡੀਲਰਾਂ ਅਤੇ ਨਵੇਂ ਵਾਹਨ ਖਰੀਦਣ ਵਾਲਿਆਂ ਲਈ ਇਹ ਵੱਡਾ ਝਟਕਾ ਹੈ। ਜੇਕਰ ਇਲੈਕਟ੍ਰਿਕ ਵਾਹਨ ਪਾਲਿਸੀ ਵਿੱਚ ਛੋਟ ਨਹੀਂ ਦਿੱਤੀ ਜਾਂਦੀ ਹੈ, ਤਾਂ ਡੀਲਰਾਂ ਨੂੰ ਬੁਕਿੰਗ ਦੀ ਰਕਮ ਵਾਪਸ ਕਰਨੀ ਪਵੇਗੀ।
ਦੋਪਹੀਆ ਵਾਹਨਾਂ ਦੇ ਇਕ ਡੀਲਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਚੰਡੀਗੜ੍ਹ ਵਿੱਚ ਦੋਪਹੀਆ ਵਾਹਨਾਂ ਦੀਆਂ ਏਜੰਸੀਆਂ ਵਿੱਚ ਕਰੀਬ 2500 ਮੁਲਾਜ਼ਮ ਕੰਮ ਕਰਦੇ ਹਨ। ਜੇਕਰ ਇੱਕ ਪਰਿਵਾਰ ਵਿੱਚ ਔਸਤਨ ਚਾਰ ਮੈਂਬਰ ਹੁੰਦੇ ਹਨ ਤਾਂ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਕਰੀਬ 10 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ। ਜੇਕਰ ਕੈਪਿੰਗ ਵਿੱਚ ਢਿੱਲ ਨਾ ਦਿੱਤੀ ਗਈ ਤਾਂ ਦੋਪਹੀਆ ਵਾਹਨਾਂ ਦੇ ਡੀਲਰਾਂ ਨੂੰ ਦੀਵਾਲੀ ਤੋਂ ਪਹਿਲਾਂ ਆਪਣੇ ਸ਼ੋਅਰੂਮ ਬੰਦ ਕਰਨੇ ਪੈਣਗੇ। ਅਜਿਹੇ ‘ਚ ਇਨ੍ਹਾਂ ਡੀਲਰਾਂ ਨੂੰ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਨਾਲ ਹੀ 10,000 ਲੋਕਾਂ ਦੀ ਦੀਵਾਲੀ ਵੀ ਇਸ ਵਾਰ ਕਾਲੀ ਦੀਵਾਲੀ ਹੋਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਨੇ 18 ਅਕਤੂਬਰ ਨੂੰ ਈਂਧਨ ਆਧਾਰਿਤ ਦੋਪਹੀਆ ਵਾਹਨਾਂ ‘ਤੇ 10 ਫੀਸਦੀ ਦੀ ਵਾਧੂ ਛੋਟ ਦਿੱਤੀ ਸੀ। ਜੋ ਕਿ ਲਗਭਗ 1609 ਹੈ। ਸ਼ਨੀਵਾਰ ਸ਼ਾਮ ਤੱਕ ਕਰੀਬ 1564 ਵਾਹਨਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਤੋਂ ਬਾਅਦ ਐਤਵਾਰ ਨੂੰ ਜਿਵੇਂ ਹੀ 45 ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਤਾਂ ਪੋਰਟਲ ਆਪਣੇ ਆਪ ਬੰਦ ਹੋ ਗਿਆ। ਇਹ ਦੁਪਹਿਰ ਕਰੀਬ 2 ਵਜੇ ਤੋਂ ਬੰਦ ਹੈ। ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਅਤੇ ਡੀਲਰਾਂ ਨੂੰ ਪ੍ਰਸ਼ਾਸਨ ਤੋਂ ਛੋਟ ਦੀ ਉਮੀਦ ਹੈ।