ਗੁਰਦਾਸਪੁਰ, 7 ਅਕਤੂਬਰ 2024 – ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਭਾਰਤ ਵਾਲੇ ਪਾਸਿਓਂ ਦੂਰਬੀਨ ਸੇਵਾ ਬਿਨਾਂ ਕਾਰਨ ਦੱਸੇ ਹਟਾ ਲਏ ਜਾਣ ਕਾਰਨ ਸੰਗਤ ਬਿਨਾ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਮੁੜ ਜਾਰਨ ਕਾਰਨ ਨਿਰਾਸ਼ ਦੇਖੀ ਜਾ ਰਹੀ ਹੈ। ਕਰਤਾਰਪੁਰ ਕੌਰੀਡੋਰ ਤੇ ਦਰਸ਼ਨ ਲਈ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਇਹ ਦੂਰਬੀਨ ਪਾਕਿਸਤਾਨ ਵਾਲੇ ਪਾਸੇ ਦਰਖਤ ਆਦਿ ਵੱਧ ਜਾਣ ਕਾਰਨ ਹਟਾਈ ਗਈ ਹੈ, ਪਰ ਇਹ ਕੋਈ ਵਾਜਿਬ ਕਾਰਨ ਨਹੀਂ ਲੱਗਦਾ। ਉਹਨਾਂ ਮੰਗ ਕੀਤੀ ਕਿ ਦੂਰਬੀਨ ਸੇਵਾ ਮੁੜ ਤੋਂ ਸ਼ੁਰੂ ਕੀਤੀ ਜਾਏ ਤਾਂ ਜੋ ਸ਼ਰਧਾਲੂ ਇਧਰ ਵਾਲੇ ਪਾਸਿਓਂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ।
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਦਰਸ਼ਨ ਲਈ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਹ ਬੜੀ ਆਸ ਨਾਲ ਇੱਥੇ ਆਏ ਸਨ ਕਿ ਉਹਨਾਂ ਨੂੰ ਦੂਰਬੀਨ ਰਾਹੀਂ ਪਾਕਿਸਤਾਨ ਵਾਲੇ ਪਾਸੇ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਦੇ ਆਖਰੀ ਦਿਨਾਂ ਵਿੱਚ ਗੁਜਾਰੇ ਦਿਨਾਂ ਦਾ ਗਵਾਹ ਰਹੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਵਣਗੇ ਪਰ ਇੱਥੇ ਆ ਕੇ ਨਿਰਾਸ਼ਾ ਹੱਥ ਲੱਗੀ ਕਿਉਂਕਿ ਭਾਰਤ ਵਾਲੇ ਪਾਸੇ ਸ਼ੁਰੂ ਕੀਤੀ ਗਈ ਦੂਰਬੀਨ ਸੇਵਾ ਕਾਫੀ ਦਿਨਾਂ ਤੋਂ ਹਟਾ ਲਈ ਗਈ ਹੈ।
ਇਸ ਲਈ ਉਹ ਇਧਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਪਾਏ ਅਤੇ ਬਿਨਾਂ ਦਰਸ਼ਨ ਕੀਤੇ ਹੀ ਵਾਪਸ ਮੁੜ ਰਹੇ ਹਨ। ਉਹ ਬੜੀ ਆਸ ਨਾਲ ਬੱਚਿਆਂ ਨੂੰ ਲੈ ਕੇ ਆਏ ਸਨ ਪਰ ਨਿਰਾਸ਼ ਹੋ ਕੇ ਬਿਨਾਂ ਦਰਸ਼ਨ ਕੀਤੇ ਵਾਪਸ ਜਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਜਾਂ ਤਾਂ ਦੋਵੇਂ ਸਰਕਾਰਾਂ ਆਪਸੀ ਤਾਲਮੇਲ ਨਾਲ ਪਾਕਿਸਤਾਨ ਵਾਲੇ ਪਾਸੇ ਜਾ ਕੇ ਦਰਸ਼ਨ ਕਰਨ ਦੀਆਂ ਸ਼ਰਤਾਂ ਵਿੱਚ ਰਿਆਇਤ ਦਵੇ ਜਾਂ ਫਿਰ ਇਧਰਲੇ ਪਾਸੇ ਜਲਦੀ ਤੋਂ ਜਲਦੀ ਦੂਰਬੀਨ ਸੇਵਾ ਪਹਿਲਾਂ ਵਾਂਗ ਸ਼ੁਰੂ ਕੀਤੀ ਜਾਵੇ ਤਾਂ ਜੋ ਦੂਰੋਂ ਹੀ ਸੰਗਤ ਸ੍ਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇ।