ਅਜਨਾਲਾ, 27 ਜੁਲਾਈ 2023 – ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਸੇਵਾਮੁਕਤ ਅਧਿਆਪਿਕਾ ਬਿਮਲਾ ਰਾਣੀ (72) ਦਾ ਉਸ ਦੇ ਘਰ ’ਚ ਅਣਪਛਾਤੇ ਵਿਅਕਤੀ ਨੇ ਦਿਨ-ਦਿਹਾੜੇ ਹੀ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਅਣਪਛਾਤਿਆਂ ਨੇ ਇਸ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਬਿਮਲਾ ਰਾਣੀ ਦੇ ਪਤੀ ਅਤੇ ਸੇਵਾਮੁਕਤ ਅਧਿਆਪਕ ਤੇ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਦੇਵੀ ਦਿਆਲ ਸ਼ਰਮਾ ਅਜਨਾਲਾ ਸ਼ਹਿਰ ’ਚ ਹੀ ਇਕ ਕਾਂਗਰਸੀ ਆਗੂ ਪ੍ਰਵੀਨ ਕੁਮਾਰ ਕੁਕਰੇਜਾ ਦੇ ਸਵ. ਪਿਤਾ ਓਮ ਪ੍ਰਕਾਸ਼ ਕੁਕਰੇਜਾ ਦੀ ਰਸਮ ਕਿਰਿਆ ’ਚ ਸ਼ਾਮਲ ਹੋਣ ਲਈ ਸ਼ਿਵ ਮੰਦਰ ਅਜਨਾਲਾ ਵਿਖੇ ਗਏ ਹੋਏ ਸਨ। ਦੇਵੀ ਦਿਆਲ ਨੂੰ ਇਸ ਵਾਰਦਾਤ ਦਾ ਉਦੋਂ ਪਤਾ ਲੱਗਾ ਜਦੋਂ ਉਹ ਰਸਮ ਕਿਰਿਆ ਸਮਾਗਮ ’ਚੋਂ ਵਾਪਸ ਘਰ ਪਰਤੇ ਸਨ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰ ਵਿਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਲੁਟੇਰੇ ਨੇ ਦੁਪਹਿਰ ਵੇਲੇ ਬਿਮਲਾ ਦੇਵੀ ਨੂੰ ਘਰ ’ਚ ਇਕੱਲਿਆਂ ਹੋਣ ਦਾ ਮੌਕਾ ਤਾੜ ਕੇ ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ ਕੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਿਮਲਾ ਰਾਣੀ ਵੱਲੋਂ ਬਚਾਅ ਲਈ ਰੌਲਾ ਪਾਉਣ ਦੀ ਸੂਰਤ ਵਿਚ ਉਸ ਦੇ ਗਲ਼ੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਹਲਾਕ ਕਰ ਦਿੱਤਾ, ਇਸ ਸਬੰਧੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਦਿਹਾਤੀ ਦੇ ਐੱਸਪੀ (ਇਸਵੈਸਟੀਗੇਸ਼ਨ ਬਿਊਰੋ) ਗੁਰਪ੍ਰਤਾਪ ਸਿੰਘ ਸਹੋਤਾ, ਡੀਐੱਸਪੀ ਅਜਨਾਲਾ ਸੰਜੀਵ ਕੁਮਾਰ ਤੇ ਪੁਲਿਸ ਥਾਣਾ ਅਜਨਾਲਾ ਦੇ ਐੱਸਐੱਚਓ ਮੁਖਤਾਰ ਸਿੰਘ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪੁਲਿਸ ਟੀਮ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਇਸ ਕਤਲ ਕਾਂਡ ਨੂੰ ਵੱਖ-ਵੱਖ ਨੁਕਤਿਆਂ ਤੋਂ ਜਾਂਚ ਕਰ ਰਹੀ ਹੈ।