ਜਲੰਧਰ, 9 ਜਨਵਰੀ 2024 – ਜਲੰਧਰ ਦੇ ਆਦਮਪੁਰ ਦੇ ਪਿੰਡ ਉਦੇਸੀਆਂ ਨੇੜੇ ਸਥਿਤ ਪੈਟਰੋਲ ਪੰਪ ‘ਤੇ ਅਣਪਛਾਤੇ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਆੜ੍ਹਤੀਏ ਦੀ ਕਾਰ ਖੋਹ ਲਈ ਅਤੇ ਫ਼ਰਾਰ ਹੋ ਗਏ। ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਇਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਸ਼ਰਾਰਤੀ ਅਨਸਰ ਆੜ੍ਹਤੀਏ ਦੀ ਕੁੱਟਮਾਰ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਮੁਲਜ਼ਮ ਆਦਮਪੁਰ ਸ਼ਹਿਰ ਵੱਲ ਪੀੜਤ ਆੜ੍ਹਤੀਏ ਦੀ ਬਰੇਜ਼ਾ ਕਾਰ ਲੁੱਟ ਕੇ ਫਰਾਰ ਹੋ ਗਏ। ਪੀੜਤ ਆੜ੍ਹਤੀਏ ਨੇ ਮੁਲਜ਼ਮਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹਾਲਾਂਕਿ ਪੀੜਤ ਨੂੰ ਕੋਈ ਸੱਟ ਨਹੀਂ ਲੱਗੀ। ਮੁਲਜ਼ਮਾਂ ਨੇ ਮੌਕੇ ’ਤੇ ਹੀ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਡੀਐਸਪੀ ਵਿਜੇ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਨਗੇ।
ਦੱਸ ਦੇਈਏ ਕਿ ਜਦੋਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਮਿਲੀ ਤਾਂ ਤੁਰੰਤ ਆਸਪਾਸ ਦੇ ਇਲਾਕੇ ਵਿੱਚ ਵਾਇਰਲੈੱਸ ਕਰ ਦਿੱਤੀ ਗਈ। ਕੁਝ ਸਮੇਂ ਬਾਅਦ ਪੁਲੀਸ ਨੇ ਕਰਤਾਰਪੁਰ ਨੇੜੇ ਤੋਂ ਚੋਰੀ ਦੀ ਕਾਰ ਬਰਾਮਦ ਕਰ ਲਈ ਗਈ। ਇਸ ਦੇ ਨਾਲ ਹੀ ਪੁਲਿਸ ਨੇ ਕੁਝ ਲੁਟੇਰਿਆਂ ਦੀ ਪਛਾਣ ਵੀ ਕੀਤੀ ਹੈ। ਥਾਣਾ ਆਦਮਪੁਰ ਦੀ ਪੁਲੀਸ ਪਾਰਟੀ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਹੈ। ਫਿਲਹਾਲ ਲੁਟੇਰੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰੀ ਹੋਇਆ ਫ਼ੋਨ ਕਾਰ ਵਿੱਚ ਪਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਫ਼ੋਨ ਟਰੇਸ ਕਰ ਦਿੱਤਾ। ਜਿਸ ਦਾ ਟਿਕਾਣਾ ਦਕੋਹਾ ਨੇੜੇ ਪਾਇਆ ਗਿਆ। ਪੁਲਿਸ ਨੇ ਇਹ ਫ਼ੋਨ ਦਕੋਹਾ ਫਲਾਈਓਵਰ ਨੇੜਿਓਂ ਬਰਾਮਦ ਕੀਤਾ ਹੈ।