ਫਿਰੋਜ਼ਪੁਰ, 21 ਮਈ 2023 – ਫਿਰੋਜ਼ਪੁਰ ਜ਼ਿਲ੍ਹੇ ਵਿੱਚ ਦਿਨ ਦਿਹਾੜੇ ਇੱਕ ਆੜ੍ਹਤੀ ਦੀ ਦੁਕਾਨ ਵਿੱਚ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 2 ਨੌਜਵਾਨਾਂ ਨੇ ਦੁਕਾਨ ‘ਚ ਦਾਖਲ ਹੋ ਕੇ ਆੜ੍ਹਤੀ ਕੋਲੋਂ ਬੰਦੂਕ ਦੀ ਨੋਕ ‘ਤੇ 45 ਹਜ਼ਾਰ ਲੁੱਟ ਲਏ। ਇਸ ਤੋਂ ਬਾਅਦ ਜਦੋਂ ਮੁਲਜ਼ਮ ਬਾਈਕ ‘ਤੇ ਭੱਜਣ ਲੱਗੇ ਤਾਂ ਆੜ੍ਹਤੀ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਫੜ ਲਿਆ ਜਦਕਿ ਦੂਜਾ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ।
ਫਰਾਰ ਮੁਲਜ਼ਮ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਅਤੇ ਪੈਸੇ ਲੈ ਕੇ ਭੱਜ ਗਿਆ। ਫ਼ਿਰੋਜ਼ਪੁਰ ਛਾਉਣੀ ਦੇ ਆਜ਼ਾਦ ਚੌਂਕ ਨੇੜੇ ਹਰੀ ਹੇਲਵਾਈ ਵਾਲੀ ਗਲੀ ਵਿਖੇ ਲੋਕਾਂ ਦੀ ਭੀੜ ਨੇ ਮੁਲਜ਼ਮਾਂ ਨੂੰ ਘੇਰ ਲਿਆ। ਫੜੇ ਗਏ ਲੁਟੇਰੇ ਨੂੰ ਲੋਕਾਂ ਨੇ ਕੁੱਟਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਓਮਨਾਥ ਸਿੰਘ ਪਿੰਡ ਸਾਈਆਂਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਵਜੋਂ ਹੋਈ ਹੈ ਅਤੇ ਫ਼ਰਾਰ ਲੁਟੇਰੇ ਦੀ ਪਛਾਣ ਚੈਂਚਲ ਸਿੰਘ ਪਿੰਡ ਤੂਤ ਵਜੋਂ ਹੋਈ ਹੈ।
ਫ਼ਿਰੋਜ਼ਪੁਰ ਛਾਉਣੀ ਵਿੱਚ ਆੜ੍ਹਤੀ ਦੀ ਦੁਕਾਨ ਚਲਾਉਣ ਵਾਲੇ ਡੱਬੂ ਪੁੱਤਰ ਗੋਪਾਲ ਨੇ ਦੱਸਿਆ ਕਿ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਉਸ ਦੇ ਮੁਨਸ਼ੀ ਕੋਲੋਂ 45 ਹਜ਼ਾਰ ਰੁਪਏ ਲੁੱਟ ਲਏ। ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲੁੱਟ ਦਾ ਕੇਸ ਦਰਜ ਕਰ ਲਿਆ ਹੈ। ਫੜੇ ਗਏ ਲੁਟੇਰੇ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਉਸ ਦੇ ਸਾਥੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।