ਸੁਲਤਾਨਪੁਰ ਲੋਧੀ, 14 ਜੁਲਾਈ 2024 – ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਸੀ.ਏ. ਦੇ ਫਾਈਨਲ ਨਤੀਜੇ ਵਿੱਚ ਗੁਰੂ ਨਗਰੀ ਦੇ ਰੋਹਿਸ਼ ਮਰਵਾਹਾ ਨੇ ਸੀ.ਏ. ਬਣ ਕੇ ਆਪਣੇ ਮਾਪਿਆਂ, ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਰੋਹਿਤ ਦੀ ਇਸ ਪ੍ਰਾਪਤੀ ‘ਤੇ ਦੋਸਤ, ਜਾਣਕਾਰ ਅਤੇ ਰਿਸ਼ਤੇਦਾਰ ਉਚੇਚੇ ਤੌਰ ਤੇ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਪਰਿਵਾਰ ‘ਚ ਇਸ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।
ਰੋਹਿਸ਼ ਮਰਵਾਹਾ ਦੇ ਪਿਤਾ ਸੰਜੀਵ ਮਰਵਾਹਾ ਸਾਬਕਾ ਕੌਂਸਲਰ ਹਨ ਅਤੇ ਇੱਕ ਇਲੈਕਟਰੋਨਿਕਸ ਦੀ ਦੁਕਾਨ ਚਲਾਉਂਦੇ ਹਨ, ਲੋਕ ਸੇਵਾ ਵਿੱਚ ਹਰ ਸਮੇਂ ਤੱਤਪਰ ਰਹਿੰਦੇ ਹਨ ਅਤੇ ਮਾਂ ਸੰਯੋਗਿਤਾ ਮਰਵਾਹਾ ਵਾਰਡ ਨੰਬਰ 9 ਤੋਂ ਮੌਜੂਦਾ ਕੌਂਸਲਰ ਹਨ।
ਰੋਹਿਸ਼ ਮਰਵਾਹਾ ਦੇ ਸੀਏ ਬਣਨ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਪਰਿਵਾਰ ਅਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਅਤੇ ਜਸ਼ਨ ਦੀ ਲਹਿਰ ਦੌੜ ਗਈ ਹੈ। ਰੋਹਿਸ਼ ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਉਹਨਾਂ ਦੇ ਘਰ ਤਾਂਤਾ ਲੱਗ ਗਿਆ ਅਤੇ ਮਠਿਆਈਆਂ ਵੰਡੀਆਂ ਗਈਆਂ। ਉੱਥੇ ਹੀ ਉਸ ਦੀ ਇਸ ਉਪਲੱਬਧੀ ‘ਤੇ ਉਸ ਦੇ ਮਾਤਾ-ਪਿਤਾ ਅਤੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਦੀਪਕ ਧੀਰ ਰਾਜੂ ਪਰਿਵਾਰ ਅਤੇ ਰੋਹਿਸ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਰੋਹਿਸ਼ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਜਿਸ ਦੇ ਨਾਲ ਉਸਨੇ ਨਾ ਸਿਰਫ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ, ਉਥੇ ਹੀ ਪਵਿੱਤਰ ਨਗਰੀ ਦੇ ਮਾਨ ਨੂੰ ਵੀ ਵਧਾਇਆ ਹੈ। ਮੈਂ ਪਰਮਾਤਮਾ ਅੱਗੇ ਰੋਹਿਸ਼ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦਾ ਹਾਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ.ਏ. ਰੋਹਿਸ਼ ਮਰਵਾਹਾ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਸ ਨੇ ਇਮਤਿਹਾਨ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਸੀ ਅਤੇ ਇਸ ਦਾ ਸਾਰਾ ਸਿਹਰਾ ਪ੍ਰਮਾਤਮਾ ਦੀ ਮਿਹਰ ਅਤੇ ਉਸ ਦੇ ਮਾਤਾ-ਪਿਤਾ , ਅਧਿਆਪਕਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਰ ਸਮੇਂ ਉਸਦਾ ਸਮਰਥਨ ਕੀਤਾ। ਉਹਨਾਂ ਦੱਸਿਆ ਕਿ ਉਸਨੇ ਮੁਢਲੀ ਸਕੂਲੀ ਸਿੱਖਿਆ ਸੁਲਤਾਨਪੁਰ ਲੋਧੀ ਦੇ ਕ੍ਰਾਈਸਟ ਜੋਤੀ ਕੋਨਮੈਂਟ ਸਕੂਲ ਅਤੇ ਕਪੂਰਥਲਾ ਦੇ ਐਮਜੀਐਨ ਸਕੂਲ ਤੋਂ ਪ੍ਰਾਪਤ ਕੀਤੀ ਸੀ।