- ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਇੱਕ ਹੈਂਡ ਗ੍ਰਨੇਡ, 3 ਪਿਸਤੌਲ ਅਤੇ ਅਪਰਾਧ ਵਿੱਚ ਵਰਤੇ ਗਏ ਮੋਟਰਸਾਈਕਲ ਵੀ ਬਰਾਮਦ ਕੀਤੇ
- ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਚੰਡੀਗੜ੍ਹ/ਤਰਨਤਾਰਨ, 16 ਦਸੰਬਰ 2022 – ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਤਰਨਤਾਰਨ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਹੱਲ ਕਰ ਲਿਆ ਹੈ। ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹੋਏ ਆਰਪੀਜੀ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਸ ਨੇ ਕੁੱਲ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਇਕ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਕੁੱਲ 7 ਦੋਸ਼ੀਆਂ ‘ਚੋਂ 2 ਨਾਬਾਲਗ ਵੀ ਗ੍ਰਿਫਤਾਰ ਕੀਤੇ ਗਏ ਹਨ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਨੇ ਇਹ ਹਮਲਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਕਰਵਾਇਆ ਸੀ। ਫੜੇ ਗਏ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ ਵਾਸੀ ਪਿੰਡ ਨੌਸ਼ਹਿਰਾ, ਗੁਰਲਾਲ ਸਿੰਘ ਗਹਿਲਾ ਵਾਸੀ ਪਿੰਡ ਚੋਲਾ ਸਾਹਿਬ, ਗੁਰਲਾਲ ਸਿੰਘ ਲਾਲੀ ਵਾਸੀ ਪਿੰਡ ਠੱਠੀਆਂ ਮਹਿਣਾ ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਵਾਸੀ ਨੌਸ਼ਹਿਰਾ ਪੰਜਾਵਾ ਸ਼ਾਮਲ ਹਨ। ਇਹਨਾਂ ‘ਚ ਦੋ ਨਾਬਾਲਗ ਸ਼ਮੀਲ ਹਨ। ਇਨ੍ਹਾਂ ਤੋਂ ਇਲਾਵਾ ਮੁਲਜ਼ਮ ਅਜਮੀਤ ਸਿੰਘ ਵਾਸੀ ਨੌਸ਼ਹਿਰਾ ਪੰਨਵਾਂ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਤਰਨਤਾਰਨ ਜ਼ਿਲ੍ਹਾ ਪੁਲੀਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਇਹ ਸਫ਼ਲਤਾ ਹਾਸਲ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰੇ ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਸਾਜ਼ਿਸ਼ ਦੇ ਮਾਸਟਰਮਾਈਂਡ ਲਖਬੀਰ ਸਿੰਘ ਲੰਡਾ ਨੇ ਵੀਡੀਓ ਕਾਲਾਂ ਰਾਹੀਂ ਸਾਰੇ ਮੁਲਜ਼ਮਾਂ ਨੂੰ ਵੱਖ-ਵੱਖ ਤਰੀਕੇ ਨਾਲ ਸੇਧ ਦਿੱਤੀ ਹੈ। ਉਸ ਨੂੰ ਹਮਲੇ ਲਈ ਕੋਈ ਸਿਖਲਾਈ ਨਹੀਂ ਦਿੱਤੀ ਗਈ ਸੀ। ਵੀਡੀਓ ਦਿਖਾਉਣ ਤੋਂ ਬਾਅਦ ਹੀ ਹਮਲੇ ਲਈ ਭੇਜਿਆ ਗਿਆ।
ਡੀਜੀਪੀ ਪੰਜਾਬ ਨੇ ਦੱਸਿਆ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ’ਤੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਯੂਰਪ ਤੋਂ ਆਏ ਆਪਣੇ ਸਾਥੀਆਂ ਮੁਲਜ਼ਮ ਸੱਤਾ ਅਤੇ ਗੁਰਦੇਵ ਜੱਸਲ ਰਾਹੀਂ ਦਹਿਸ਼ਤੀ ਮਾਡਿਊਲ ਤਿਆਰ ਕੀਤਾ ਸੀ। ਫਿਰ ਸਾਰਾ ਮਾਮਲਾ ਤਾਲਮੇਲ ਕਰਕੇ ਮੁਲਜ਼ਮ ਅਜਮੀਤ ਸਿੰਘ ਰਾਹੀਂ ਹਮਲਾ ਕੀਤਾ ਗਿਆ। ਸਾਰੇ ਮੁਲਜ਼ਮਾਂ ਨੂੰ ਵੱਖ-ਵੱਖ ਲੋਕਾਂ ਵੱਲੋਂ ਹੈਂਡਲ ਕਰਕੇ ਵੱਖ-ਵੱਖ ਥਾਵਾਂ ਤੋਂ ਇਕੱਠਾ ਕੀਤਾ ਗਿਆ। ਮੁਲਜ਼ਮਾਂ ਨੂੰ ਹਥਿਆਰ ਤੇ ਹੋਰ ਸਾਮਾਨ ਵੱਖ-ਵੱਖ ਥਾਵਾਂ ’ਤੇ ਲਿਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਤਾਂ ਜੋ ਕਿਸੇ ਦੀ ਗ੍ਰਿਫ਼ਤਾਰੀ ਹੋਣ ’ਤੇ ਪੁਲੀਸ ਜਾਂਚ ਅੱਗੇ ਨਾ ਵਧ ਸਕੇ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਤਕਨੀਕੀ ਜਾਂਚ ਕੀਤੀ ਅਤੇ ਸੀਸੀਟੀਵੀ ਕੈਮਰਿਆਂ ਦਾ ਅਧਿਐਨ ਕੀਤਾ। ਨਾਲ ਹੀ, ਤਕਨੀਕੀ ਅਤੇ ਮਨੁੱਖੀ ਜਾਣਕਾਰੀ ਦੀ ਮਦਦ ਨਾਲ, ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਹ ਹਥਿਆਰ ਬਰਾਮਦ ਹੋਏ ਹਨ…
- ਮੁਲਜ਼ਮ ਗੁਰਲਾਲ ਕੋਲੋਂ 15 ਕਾਰਤੂਸ ਬਰਾਮਦ
- ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਕੋਲੋਂ ਹੈਂਡ ਗ੍ਰਨੇਡ ਬਰਾਮਦ
- ਮੁਲਜ਼ਮ ਜੋਬਨਪ੍ਰੀਤ ਅਤੇ ਗੁਰਲਾਲ ਕੋਲੋਂ 35 ਕਾਰਤੂਸਾਂ ਸਮੇਤ 32 ਬੋਰ ਦਾ ਪਿਸਤੌਲ ਬਰਾਮਦ
- ਨਾਬਾਲਗ ਮੁਲਜ਼ਮ ਦੇ ਕਬਜ਼ੇ ‘ਚੋਂ 32 ਬੋਰ ਦਾ ਪਿਸਤੌਲ ਅਤੇ 15 ਕਾਰਤੂਸ ਬਰਾਮਦ ਕੀਤੇ ਗਏ ਹਨ
ਇਸ ਤੋਂ ਪਹਿਲਾਂ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲੇ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਸ ਦੌਰਾਨ ਉਸ ਨੇ ਪੁਲੀਸ ਸਟੇਸ਼ਨ ’ਤੇ ਦਾਗੇ ਗਏ ਰਾਕੇਟ ਨੂੰ ਸਰਹੱਦ ਤੋਂ ਲਿਆਂਦਾ ਫ਼ੌਜੀ ਹਥਿਆਰ ਦੱਸਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਯੂਏਪੀ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਜੱਦੀ ਘਰ ਵੀ ਹਮਲੇ ਵਾਲੀ ਥਾਂ ਦੇ ਨੇੜੇ ਹੀ ਹੈ, ਜਦੋਂਕਿ ਪਿਛਲੇ ਦਿਨੀਂ ਰਿੰਦਾ ਦੀ ਪਾਕਿਸਤਾਨ ਵਿੱਚ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਰਿੰਦਾ ਦੇ ਆਤੰਕ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਆਈਐਸਆਈ ਦੇ ਉਕਸਾਉਣ ‘ਤੇ ਕੀਤਾ ਗਿਆ ਹੈ। ਹਮਲੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸਿਰਫ਼ ਪੁਲਿਸ ਚੌਂਕੀ/ਪੁਲਿਸ ਬੂਥ ਦੇ ਸ਼ੀਸ਼ੇ ਟੁੱਟੇ ਹੋਏ ਸਨ।
ਇਸ ਹਮਲੇ ਵਿੱਚ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਦੀ ਵਰਤੋਂ ਕੀਤੀ ਗਈ ਸੀ, ਪਰ ਸੁੱਟੇ ਗਏ ਗ੍ਰੇਨੇਡ ਦੇ ਫਟਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਮਗਰੋਂ ਪੁਲੀਸ ਨੇ ਮੌਕੇ ਦੀ ਜਾਂਚ ਕਰਨ ਸਮੇਤ ਬੂਥ ਨੂੰ ਸੀਲ ਕਰ ਦਿੱਤਾ ਸੀ।