ਤਰਨਤਾਰਨ, 1 ਜਨਵਰੀ 2023 – ਤਰਨਤਾਰਨ ਪੁਲਿਸ ਨੇ ਥਾਣਾ ਸਰਹਾਲੀ ਦੇ ਸਾਂਝ ਕੇਂਦਰ ‘ਤੇ ਹੋਏ ਆਰਪੀਜੀ ਹਮਲੇ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਪਿਛਲੇ ਦਿਨੀਂ ਬਰਾਮਦ ਕੀਤੇ ਆਰਪੀਜੀ ਅਤੇ ਫੜੇ ਗਏ ਤਿੰਨ ਮੁਲਜ਼ਮਾਂ ਦੀ ਨਿਸ਼ਾਨਦੇਹੀ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲ ਅਤੇ ਏਅਰਗੰਨ ਤੋਂ ਪਿਸਤੌਲ ਬਣਾਉਣ ਦਾ ਸਾਮਾਨ ਵੀ ਬਰਾਮਦ ਕੀਤਾ ਹੈ।
ਐਸਐਸਪੀ ਤਰਨਤਾਰਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਆਰਪੀਜੀ ਸਮੇਤ ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਹਰਮਨ ਸਿੰਘ ਵਾਸੀ ਸੈਦੋਂ ਅਤੇ ਕੁਲਦੀਪ ਸਿੰਘ ਵਾਸੀ ਰੂੜੀਵਾਲਾ, ਅਸ਼ੋਕ ਸਿੰਘ ਉਰਫ਼ ਮਾਛੀਕੇ ਅਤੇ ਗੁਰਸੇਵਕ ਸਿੰਘ ਉਰਫ਼ ਸੇਵਕ ਖਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਲਦੀਪ ਕੋਲੋਂ ਪੁਲਸ ਨੇ 325 ਬੋਰ ਦਾ ਦੇਸੀ ਕੱਟਾ ਅਤੇ 3 ਜਿੰਦਾ ਰੌਂਦ, ਅਸ਼ੋਕ ਦੀਪ ਕੋਲੋਂ ਇਕ ਦੇਸੀ ਪਿਸਤੌਲ ਅਤੇ ਗੁਰਸੇਵਕ ਕੋਲੋਂ ਏਅਰ ਗੰਨ ਤੋਂ ਪਿਸਤੌਲ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਹੈ।
ਐਸਐਸਪੀ ਤਰਨਤਾਰਨ ਨੇ ਦੱਸਿਆ ਕਿ ਹਰਮਨ ਨੇ ਆਪਣੀ ਮੋਟਰ ‘ਤੇ ਆਰਪੀਜੀ ਹਮਲੇ ਦੇ ਦੋਸ਼ੀਆਂ ਨੂੰ ਫੜਿਆ ਸੀ। ਜਦੋਂਕਿ ਕੁਲਦੀਪ, ਅਸ਼ੋਕ ਅਤੇ ਗੁਰਸੇਵਕ ਨੇ ਆਰਪੀਜੀ ਹਮਲੇ ਲਈ ਪੈਸਿਆਂ ਦਾ ਲੈਣ-ਦੇਣ ਕੀਤਾ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।