ਬਿਆਸ , 8 ਦਸੰਬਰ 2023 – ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਮਧੂਕਰ ਭਾਗਵਤ ਅੱਜ ਸਵੇਰੇ ਭਾਰੀ ਗੱਡੀਆਂ ਦੇ ਕਾਫ਼ਲੇ ਰਾਹੀ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ, ਜਿੱਥੇ ਉਨ੍ਹਾਂ ਡੇਰਾ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੰਘ ਮੁਖੀ ਮੋਹਨ ਭਾਗਵਤ ਅੱਜ ਸਵੇਰੇ 10-30 ਤੇ ਬਿਆਸ ਪੁਲ ਤੋਂ ਗੱਡੀਆਂ ਦੇ ਵੱਡੇ ਕਾਫ਼ਲੇ ਰਾਹੀ ਡੇਰਾ ਬਿਆਸ ਦਾਖਲ ਹੋਏ ਅਤੇ 10-40 ਤੇ ਡੇਰਾ ਦੇ ਅੰਦਰ ਪੁੱਜੇ ਜਿੱਥੇ ਉਨ੍ਹਾਂ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ 11 ਵਜੇ ਤੋ 12 ਵਜੇ ਤੱਕ ਬੰਦ ਕਮਰਾ ਮੀਟਿੰਗ ਕੀਤੀ ਜਿਸ ਦੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ।
ਸੰਘ ਮੁਖੀ ਨੇ ਡੇਰੇ ਅੰਦਰ ਲੰਗਰ ਹਾਲ ਵਿਚ ਜਾ ਕੇ ਉੱਥੇ ਪ੍ਰਬੰਧਾਂ ਸਬੰਧੀ ਵੀ ਦੇਖਿਆ । ਉਹ ਕਰੀਬ ਦੋ ਘੰਟੇ ਡੇਰੇ ਦੇ ਅੰਦਰ ਰਹੇ ਅਤੇ ਕਰੀਬ 12-50 ਤੇ ਵਾਪਸ ਚਲੇ ਗਏ ।ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪਹਿਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਦੇ ਕਈ ਕੇਂਦਰੀ ਮੰਤਰੀ ਡੇਰਾ ਬਿਆਸ ਦੇ ਮੁਖੀ ਨਾਲ ਮਿਲ ਚੁੱਕੇ ਹਨ ਅਤੇ ਹੁਣ ਸੰਘ ਦੇ ਮੁਖੀ ਦਾ ਇੱਥੇ ਪੁੱਜਣਾ ਕਈ ਅਹਿਮ ਸਵਾਲ ਖੜੇ ਕਰਦਾ ਹੈ। ਡੇਰਾ ਬਿਆਸ ਦੀ ਵੱਡੀ ਗਿਣਤੀ ਵਿਚ ਪੈਰੋਕਾਰ ਭਾਰਤ ਦੇ ਵੱਖ ਵੱਖ ਰਾਜਾ ਵਿਚ ਹੋਣ ਕਾਰਨ ਇਸ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।