- 18 ਬੱਸਾਂ ਅਤੇ ਟਰੱਕਾਂ ‘ਤੇ ਆਰਟੀਏ ਦੀ ਕਾਰਵਾਈ
- ਕਾਗਜ਼ਾਤ ਪੂਰੇ ਨਾ ਹੋਣ ‘ਤੇ ਕੱਟੇ ਚਲਾਨ, 9 ਵਾਹਨ ਜ਼ਬਤ
ਅੰਮ੍ਰਿਤਸਰ, 13 ਸਤੰਬਰ 2022 – ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਨੇ ਬੱਸ ਅਪਰੇਟਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਅਰਸ਼ਦੀਪ ਸਿੰਘ ਨੇ ਗੋਲਡਨ ਗੇਟ ਨੇੜੇ ਅੰਮ੍ਰਿਤਸਰ ਵੱਲ ਆਉਣ ਵਾਲੀਆਂ ਅਤੇ ਅੰਮ੍ਰਿਤਸਰ ਤੋਂ ਜਾਣ ਵਾਲੀਆਂ ਬੱਸਾਂ, ਟਿੱਪਰਾਂ ਅਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਇਸ ਕਾਰਵਾਈ ਦੌਰਾਨ 8 ਵਾਹਨ ਜ਼ਬਤ ਕੀਤੇ ਗਏ ਹਨ।
ਆਰਟੀਏ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਨੇ ਕੁੱਲ 18 ਵਾਹਨਾਂ ’ਤੇ ਕਾਰਵਾਈ ਕੀਤੀ ਹੈ। ਜਿਸ ਵਿੱਚ ਪ੍ਰਾਈਵੇਟ ਬੱਸਾਂ, ਸਕੂਲੀ ਬੱਸਾਂ ਅਤੇ ਟਿੱਪਰ ਵੀ ਆਉਂਦੇ ਹਨ। ਵਿਭਾਗ ਵੱਲੋਂ ਟੈਕਸ ਨਾ ਦੇਣ ਵਾਲੇ ਕਮਰਸ਼ੀਅਲ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਆਰਟੀਏ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਕਾਗਜ਼ਾਤ ਦੀ ਘਾਟ ਅਤੇ ਟੈਕਸ ਨਾ ਭਰਨ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸਕੂਲੀ ਬੱਸਾਂ ਸਮੇਤ ਕਈ ਵਾਹਨਾਂ ਦੇ ਚਲਾਨ ਵੀ ਕੱਟ ਦਿੱਤੇ ਗਏ ਹਨ।
ਆਰਟੀਏ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੇਫ਼ ਸਕੂਲ ਵਾਹਨ ਮੁਹਿੰਮ ਚਲਾਈ ਗਈ ਹੈ। ਸਕੂਲੀ ਬੱਸਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿੱਚ ਬੱਸ ਦੇ ਅੰਦਰ ਕੈਮਰੇ, ਸੁਰੱਖਿਆ ਲਈ ਸੀਟ ਬੈਲਟ, ਸੀਟ ਦੇ ਹਿਸਾਬ ਨਾਲ ਬੱਚਿਆਂ ਦੀ ਗਿਣਤੀ ਆਦਿ ਵਰਗੇ ਅਹਿਮ ਨਿਯਮ ਹਨ। ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।

ਆਰਟੀਏ ਵੱਲੋਂ ਕੀਤੀ ਕਾਰਵਾਈ ਤਹਿਤ 9 ਵਾਹਨ ਜ਼ਬਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 4 ਬੱਸਾਂ ਅਤੇ 5 ਟਰੱਕ ਅਤੇ ਟਿੱਪਰ ਹਨ। ਗੱਡੀਆਂ ਕੋਲ ਪਰਮਿਟ ਨਹੀਂ ਸਨ। ਇੰਨਾ ਹੀ ਨਹੀਂ ਕਈਆਂ ਨੇ ਪਿਛਲੇ ਕੁਝ ਸਮੇਂ ਤੋਂ ਟੈਕਸ ਨਹੀਂ ਭਰਿਆ ਸੀ। ਜਿਸ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
