ਲੁਧਿਆਣਾ, 29 ਮਈ 2022 – ਬੀਤੀ 28 ਮਈ ਦੀ ਸ਼ਾਮ ਨੂੰ ਖ਼ਬਰ ਸਾਹਮਣੇ ਆਈ ਸੀ ਕੇ ਲੁਧਿਆਣਾ ਰੇਲਵੇ ਸਟੇਸ਼ਨ ਅਤੇ ਪੰਜਾਬ ਦੇ ਕਈ ਹੋਰ ਧਾਰਮਿਕ ਸਥਾਨਾਂ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਲੁਧਿਆਣਾ ਸ਼ਹਿਰ ਦੀ ਪੁਲਿਸ ਨੂੰ ਭੇਜੇ ਇੱਕ ਗੁੰਮਨਾਮ ਪੱਤਰ ਵਿੱਚ ਕਿਹਾ ਗਿਆ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਲਾਵਾ ਜਲੰਧਰ, ਫਗਵਾੜਾ, ਅੰਮ੍ਰਿਤਸਰ, ਪਠਾਨਕੋਟ, ਜੰਮੂ ਤਵੀ ਆਦਿ ਸਟੇਸ਼ਨਾਂ ਨੂੰ ਉਡਾਇਆ ਜਾਵੇਗਾ। ਇਹ ਪੱਤਰ ਪੁਰਾਣਾ ਸੀ ਤੇ ਧਮਕੀ ਵੀ ਪੁਰਾਣੀ ਸੀ, ਬੀਤੇ ਦਿਨ ਸ਼ਾਮ ਨੂੰ ਪੁਲਿਸ ਵੱਲੋਂ ਕੀਤੀ ਗਈ ਰੁਟੀਨ ਚੈਕਿੰਗ ਨੂੰ ਹੀ ਕੁਝ ਲੋਕਾਂ ਨੇ ਬੰਬ ਨਾਲ ਉਡਾਉਣ ਦੀ ਗੱਲ ਕਹਿ ਕੇ ਵਾਇਰਲ ਕਰ ਦਿੱਤਾ ਸੀ।
ਪਰ ਅਸਲ ‘ਚ ਇਹ ਪੱਤਰ ਵਿੱਚ 21 ਮਈ 2022 ਦਾ ਜਿਸ ‘ਚ ਲੁਧਿਆਣਾ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਇਹ ਪੱਤਰ ਲੁਧਿਆਣਾ ਦੇ ਸਟੇਸ਼ਨ ਡਾਇਰੈਕਟਰ ਨੂੰ 24 ਮਈ ਨੂੰ ਹੀ ਮਿਲ ਗਿਆ ਸੀ। 24 ਮਈ ਨੂੰ ਹੀ ਲੁਧਿਆਣਾ ਜੀਆਰਪੀ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 70, ਧਾਰਾ 153, 153-ਏ, 505-(1) ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸ ਦੌਰਾਨ 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਸਬੰਧੀ ਪੰਜਾਬ ਭਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜਦੋਂ ਜ਼ਿਲ੍ਹਾ ਪੁਲਿਸ ਅਤੇ ਜੀਆਰਪੀ ਪੁਲਿਸ ਸਟੇਸ਼ਨ ਵੱਲੋਂ ਸਾਂਝੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ ਕਿ ਕੁਝ ਲੋਕਾਂ ਨੇ ਇਸ ਰੁਟੀਨ ਚੈਕਿੰਗ ਨੂੰ ਖਾਸ ਬਣਾ ਕੇ ਬੰਬ ਨਾਲ ਉਡਾਉਣ ਦੀ ਗੱਲ ਕਹਿ ਕੇ ਚਰਚਾ ਨੂੰ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਪ੍ਰਸ਼ਾਸਨ ਦੇ ਵੀ ਹੱਥ ਪੈਰ ਫੁੱਲ ਗਏ।
ਡੀਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਧਮਕੀਆਂ ਦੇਣ ਦਾ ਮਾਮਲਾ ਪੁਰਾਣਾ ਹੈ। ਕੁਝ ਲੋਕ ਇਸ ਮਾਮਲੇ ਨੂੰ ਵਧਾ-ਚੜ੍ਹਾ ਕੇ ਮਾਹੌਲ ਖਰਾਬ ਕਰ ਰਹੇ ਹਨ। ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਚਣਾ ਚਾਹੀਦਾ ਹੈ। ਸਟੇਸ਼ਨ ਸੁਰੱਖਿਅਤ ਹੈ। 24 ਘੰਟੇ ਚੈਕਿੰਗ ਕੀਤੀ ਜਾ ਰਹੀ ਹੈ। ਸਟੇਸ਼ਨ ‘ਤੇ ਹਰ ਪੜਾਅ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਦਹਿਸ਼ਤ ਫੈਲਾਈ ਹੈ, ਉਨ੍ਹਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਡੀਐਸਪੀ ਰਾਣਾ ਨੇ ਰੇਲਵੇ ਮੁਲਾਜ਼ਮਾਂ ਨੂੰ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਜੇਕਰ ਕੋਈ ਵੀ ਵਿਅਕਤੀ ਸਟੇਸ਼ਨ ‘ਤੇ ਅਫਵਾਹ ਫੈਲਾਉਂਦਾ ਨਜ਼ਰ ਆਵੇ ਤਾਂ ਤੁਰੰਤ ਜੀਆਰਪੀ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਫਵਾਹ ਫੈਲਾਉਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।