ਦੌੜਾਕ ਫ਼ੌਜਾ ਸਿੰਘ ਦੀ ਹੋਈ ਅੰਤਿਮ ਅਰਦਾਸ, ਪਹੁੰਚੀਆਂ ਕਈ ਵੱਡੀਆਂ ਸ਼ਖ਼ਸੀਅਤਾਂ

ਜਲੰਧਰ, 23 ਜੁਲਾਈ 2025 – ‘ਟਰਬਨ ਟੋਰਨਾਡੋ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਬਜ਼ੁਰਗ ਦੌੜਾਕ ਫ਼ੌਜਾ ਸਿੰਘ ਦੀ ਅੱਜ ਜੱਦੀ ਪਿੰਡ ਬਿਆਸ ਵਿਖੇ ਅੰਤਿਮ ਅਰਦਾਸ ਕੀਤੀ ਗਈ। ਅੰਤਿਮ ਅਰਦਾਸ ਦੇ ਭੋਗ ਪਠਾਨਕੋਟ-ਜਲੰਧਰ ਹਾਈਵੇਅ ‘ਤੇ ਸਥਿਤ ਗੁਰਦੁਆਰਾ ਸ੍ਰੀ ਬਾਬੇ ਸ਼ਹੀਦਾ ਸਮਰਾਟਪੁਰ ਵਿਖੇ ਪਾਏ ਗਏ। ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ। ਇਸ ਦੇ ਇਲਾਵਾ ਸਿਆਸੀ ਜਗਤ ਤੋਂ ਵੀ ਕਈ ਸ਼ਖ਼ਸੀਅਤਾਂ ਨੇ ਪਹੁੰਚ ਸ਼ਰਧਾਂਜਲੀ ਦਿੱਤੀ।

ਜ਼ਿਕਰਯੋਗ ਹੈ ਕਿ 114 ਸਾਲਾ ਫ਼ੌਜਾ ਸਿੰਘ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਸਨ, ਜਿਨ੍ਹਾਂ ਨੇ 80 ਸਾਲ ਦੀ ਉਮਰ ‘ਚ ਦੌੜਨਾ ਸ਼ੁਰੂ ਕੀਤਾ ਸੀ ਅਤੇ 90 ਸਾਲ ਦੀ ਉਮਰ ਵਿੱਚ ਇੰਗਲੈਂਡ ਵਿੱਚ ਆਪਣੀ ਪਹਿਲੀ ਮੈਰਾਥਨ ਪੂਰੀ ਕੀਤੀ ਸੀ। 100 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਟੋਰਾਂਟੋ ਵਿੱਚ ਹੋਈ ਮੈਰਾਥਨ ਵਿੱਚ ਇਕ ਵਿਸ਼ਵ ਰਿਕਾਰਡ ਬਣਾਇਆ ਅਤੇ ਆਪਣਾ ਨਾਮ ਵਿਸ਼ਵ ਰਿਕਾਰਡ ਬੁੱਕ ਵਿੱਚ ਦਰਜ ਕਰਵਾਇਆ।

ਜ਼ਿਕਰਯੋਗ ਹੈ ਕਿ 114 ਸਾਲ ਦੇ ਫ਼ੌਜਾ ਸਿੰਘ ਦੀ ਉਨ੍ਹਾਂ ਦੇ ਘਰ ਤੋਂ ਹੀ ਕੁਝ ਦੂਰੀ ‘ਤੇ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ ਸੀ। ਉਨ੍ਹਾਂ ਨੂੰ ਫਾਰਚਿਊਨਰ ਕਾਰ ਸਵਾਰ ਐੱਨ. ਆਰ. ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੇ ਟੱਕਰ ਮਾਰ ਦਿੱਤੀ ਸੀ। ਟੱਕਰ ਤੋਂ ਬਾਅਦ ਫ਼ੌਜਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਲੰਧਰ ਦਿਹਾਤੀ ਪੁਲਸ ਨੇ ਹਾਦਸੇ ਤੋਂ 30 ਘੰਟੇ ਬਾਅਦ ਹੀ ਮੁਲਜ਼ਮ ਦੀ ਪਛਾਣ ਕਰ ਲਈ ਸੀ। ਐੱਨ. ਆਰ. ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਫਾਰਚਿਊਨਰ ਗੱਡੀ ਨੂੰ ਵੀ ਬਰਾਮਦ ਕੀਤਾ ਗਿਆ। ਪੁਲਸ ਨੇ ਅੰਮ੍ਰਿਤਪਾਲ ਨੂੰ ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ।

ਫ਼ੌਜਾ ਸਿੰਘ ਦੇ ਨਾਂ ਹਨ ਇਹ ਰਿਕਾਰਡ

2000 ਲੰਡਨ ਮੈਰਾਥਨ: 6 ਘੰਟੇ 54 ਮਿੰਟ
2001 ਲੰਡਨ ਮੈਰਾਥਨ: 6 ਘੰਟੇ 54 ਮਿੰਟ
2002 ਲੰਡਨ ਮੈਰਾਥਨ: 6 ਘੰਟੇ 45 ਮਿੰਟ
2003 ਲੰਡਨ ਮੈਰਾਥਨ: 6 ਘੰਟੇ 2 ਮਿੰਟ
2003 ਨਿਊਯਾਰਕ ਸਿਟੀ ਮੈਰਾਥਨ: 7 ਘੰਟੇ 35 ਮਿੰਟ
2003 ਟੋਰਾਂਟੋ ਵਾਟਰਫਰੰਟ ਮੈਰਾਥਨ: 5 ਘੰਟੇ 40 ਮਿੰਟ (ਨਿੱਜੀ ਸਰਵੋਤਮ)
2004 ਗਲਾਸਗੋ ਸਿਟੀ ਹਾਫ ਮੈਰਾਥਨ: 2 ਘੰਟੇ 33 ਮਿੰਟ
2004 ਲੰਡਨ ਮੈਰਾਥਨ: 6 ਘੰਟੇ 7 ਮਿੰਟ
2004 ਟੋਰਾਂਟੋ ਵਾਟਰਫਰੰਟ ਹਾਫ ਮੈਰਾਥਨ: 2 ਘੰਟੇ 29 ਮਿੰਟ 59 ਸਕਿੰਟ
2011 ਟੋਰਾਂਟੋ ਵਾਟਰਫਰੰਟ ਮੈਰਾਥਨ: 8 ਘੰਟੇ 11 ਮਿੰਟ
2012 ਹਾਂਗ ਕਾਂਗ ਮੈਰਾਥਨ (10 ਕਿਲੋਮੀਟਰ): 1 ਘੰਟਾ 34 ਮਿੰਟ
2012 ਲੰਡਨ ਮੈਰਾਥਨ: 7 ਘੰਟੇ 49 ਮਿੰਟ 21 ਸਕਿੰਟ
2013 ਹਾਂਗ ਕਾਂਗ ਮੈਰਾਥਨ (10 ਕਿਲੋਮੀਟਰ): 1 ਘੰਟਾ 32 ਮਿੰਟ 28 ਸਕਿੰਟ

ਇਥੇ ਇਹ ਵੀ ਦੱਸ ਦੇਈਏ ਕਿ ਫ਼ੌਜਾ ਸਿੰਘ ਆਪਣੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਨਾਲ ਲੰਬੇ ਸਮੇਂ ਤੋਂ ਇੰਗਲੈਂਡ ਵਿੱਚ ਰਹੇ ਸਨ। ਉਹ 26 ਸਾਲ ਉੱਥੇ ਰਹੇ ਅਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ। 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕਰਨ ਵਾਲੇ ਫ਼ੌਜਾ ਸਿੰਘ ਨੇ ਆਪਣੀ ਤੰਦਰੁਸਤੀ ਅਤੇ ਜਨੂੰਨ ਨਾਲ ਪੂਰੀ ਦੁਨੀਆ ਲਈ ਇਕ ਮਿਸਾਲ ਕਾਇਮ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਬਣੀ ‘ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ’

ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਤਿਆਰੀਆਂ ਸ਼ੁਰੂ, ਚੋਣ ਕਮਿਸ਼ਨ ਜਲਦ ਐਲਾਨ ਕਰੇਗਾ ਸ਼ੈਡਿਊਲ