- ਪੁਲਿਸ ਨੇ ਕੀਤਾ ਕਾਬੂ
ਸਿਰਸਾ (ਹਰਿਆਣਾ), 30 ਅਪ੍ਰੈਲ 2023 – ਹਰਿਆਣਾ ਦੇ ਸਿਰਸਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ 4.30 ਵਜੇ ਸ਼ਹਿਰ ਦੀ ਜੇਜੇ ਕਲੋਨੀ ਵਿੱਚ ਵਾਪਰੀ। ਮੁਲਜ਼ਮ ਮਨਲੀਤ ਨੂੰ ਪੁਲੀਸ ਨੇ ਫੜ ਲਿਆ ਹੈ। ਉਹ ਜੇਜੇ ਕਲੋਨੀ ਦਾ ਹੀ ਰਹਿਣ ਵਾਲਾ ਹੈ।
ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਠ ਵਜੇ ਫੋਨ ਆਇਆ ਕਿ ਜੇਜੇ ਕਲੋਨੀ ਦੀ ਗਲੀ ਵਿੱਚ ਪੀੜਾ ਸਾਹਿਬ ਅਤੇ ਗੁਟਕਾ ਸਾਹਿਬ ਸੁੱਟੇ ਗਏ ਹਨ। ਉਸ ਨੇ ਦੱਸਿਆ ਕਿ ਸਵੇਰੇ 4.20 ਵਜੇ ਦੇ ਕਰੀਬ ਮੁਲਜ਼ਮ ਗੁਰਦੁਆਰਾ ਸਾਹਿਬ ਆਇਆ ਅਤੇ ਗ੍ਰੰਥੀ ਸਿੰਘ ਦੀ ਪਤਨੀ ਨੂੰ ਚਾਬੀ ਦੇਣ ਲਈ ਕਿਹਾ ਕਿ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨੀ ਹੈ।
ਇਸ ਤੋਂ ਬਾਅਦ ਉਹ ਚਾਬੀ ਲੈ ਕੇ ਕਮਰੇ ਵਿਚ ਚਲਾ ਗਿਆ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਜੇ ਕਮਰੇ ਵਿੱਚ ਸੁਖਾਸਣ ਕੀਤੀ ਹੋਇਆ ਸੀ।
ਉਸ ਤੋਂ ਬਾਅਦ ਮੁਲਜ਼ਮ ਨੇ ਪਹਿਲਾਂ ਗੁਟਕਾ ਸਾਹਿਬ ਅਤੇ ਪੀੜਾ ਸਾਹਿਬ ਨੂੰ ਚੱਕ ਕੇ ਗਲੀ ਵਿੱਚ ਸੁੱਟਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸਵੇਰੇ ਸਿੱਖ ਸਮਾਜ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਹੈ।