- ਸ਼੍ਰੋਮਣੀ ਕਮੇਟੀ ਦਿੱਲੀ ਵਿਚ ਟਕਰਾਅ ਦਾ ਰਸਤਾ ਅਪਣਾਉਣ ਤੋਂ ਗੁਰੇਜ਼ ਕਰੇ : ਕਾਲਕਾ, ਕਾਹਲੋਂ
- ਮਨਜੀਤ ਸਿੰਘ ਜੀ ਕੇ ਦੇ ਪ੍ਰਧਾਨ ਹੁੰਦਿਆਂ ਸੱਜਣ ਕੁਮਾਰ ਨੁੰ ਵੱਖ ਵੱਖ ਕੇਸਾਂ ਵਿਚ ਜ਼ਮਾਨਤ ਮਿਲੀ
ਨਵੀਂ ਦਿੱਲੀ, 4 ਮਈ 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਵਿਚ ਦਫਤਰ ’ਤੇ ਕਬਜ਼ਾ ਕਰਨ ਦੇ ਨਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬੰਦ ਕਰੇ।
ਅੱਜ ਇਥੇ ਕਮੇਟੀ ਦੇ ਐਜੂਕੇਸ਼ਨ ਸੈਲ ਦੇ ਚੇਅਰਮੈਨ ਸਰਦਾਰ ਵਿਕਰਮ ਸਿੰਘ ਰੋਹਿਣੀ ਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਪੰਜਾਬ ਲੀਡਰਸ਼ਿਪ ਨੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਦਫਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ’ਤੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਦਿੱਤੇ ਹਨ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਾਠਾਂ ਸਮੇਂ ਉਥੇ ਸਿਰਫ 15 ਨਿਹੰਗ ਸਿੰਘ ਤੇ 15 ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਹਾਜ਼ਰ ਸਨ ਤੇ ਦਿੱਲੀ ਦੀਆਂ ਸੰਗਤਾਂ ਨੇ ਇਸ ਦਫਤਰ ਤੋਂ ਦੂਰੀ ਬਣਾਈ ਹੋਈ ਹੈ। ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਪੰਜਾਬ ਵਿਚ ਬੇਅਦਬੀਆਂ ਕੀਤੀਆਂ ਗਈਆਂ ਤੇ ਹੁਣ ਪੰਜਾਬ ਦੀ ਅਕਾਲੀ ਲੀਡਰਸ਼ਿਪ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਹੋਰਨਾਂ ਨੂੰ ਦਿੱਲੀ ਵਿਚ ਬੇਅਦਬੀਆਂ ਵਾਸਤੇ ਉਕਸਾ ਰਹੀ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਦਿੱਲੀ ਵਿਚ ਕੰਮ ਕਰਨ ਦੇ ਹੁਕਮ ਚਾੜ੍ਹ ਦਿੱਤੇ ਗਏ ਹਨ ਜਿਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 5 ਕਰੋੜ ਰੁਪਏ ਸਾਲਾਨਾ ਦਿੱਲੀ ਵਿਚ ਖਰਚ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਐਲਾਨ ਤੋਂ ਪਹਿਲਾਂ ਇਸ ਤਜਵੀਜ਼ ਨੂੰ ਕਾਰਜਕਾਰਨੀ ਕਮੇਟੀ ਵਿਚ ਪਾਸ ਨਹੀਂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਦੀ ਪਹਿਲਾਂ ਸ੍ਰੀ ਅੰਮ੍ਰਿਤਸਰ ਵਿਚ ਪਹੁੰਚਣ ’ਤੇ ਬੇਕਦਰੀ ਕੀਤੀ ਜਾਂਦੀ ਸੀ ਤੇ ਹੁਣ ਇਹਨਾਂ ਨੇ ਦਿੱਲੀ ਤੋਂ ਸੰਗਤਾਂ ਵਾਸਤੇ ਬੱਸਾਂ ਚਲਾਉਣ ਦਾ ਐਲਾਨ ਕੀਤਾ ਹੈ ਜਦੋਂ ਕਿ ਪੰਜਾਬ ਦੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਵਾਸਤੇ ਕੋਈ ਚਾਰਾਜੋਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੁੰ ਦਿੱਲੀ ਗੁਰਦੁਆਰਾ ਕਮੇਟੀ ਨਾਲ ਟਕਰਾਅ ਦੇ ਰਾਹ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਐਡਵੋਕੇਟ ਧਾਮੀ ਨੇ 5 ਕਰੋੜ ਖਰਚਣ ਦਾ ਐਲਾਨ ਤਾਂ ਕੀਤਾ ਹੈ ਤੇ ਕਿਹਾ ਹੈ ਕਿ ਐਮ ਆਰ ਆਈ ਤੇ ਹੋਰ ਮੈਡੀਕਲ ਸਹੂਲਤਾਂ ਦਿਆਂਗੇ ਜਦੋਂ ਕਿ ਐਮ ਆਰ ਆਈ ਦੀ ਮਸ਼ੀਨ ਹੀ 10 ਕਰੋੜ ਰੁਪਏ ਦੀ ਆਉਂਦੀ ਹੈ।
ਅਕਾਲੀ ਲੀਡਰਸ਼ਿਪ ’ਤੇ ਵਰ੍ਹਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਚੋਣਾਂ ਵਲੇ ਸਾਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਸਰਨਾ ਦੀ ਪਾਰਟੀ ਵਿਚ ਸ਼ਾਮਲ ਹੋ ਕੇ ਸਰਨਾ ਨੁੰ ਪ੍ਰਧਾਨ ਬਣਾਓ ਜੋ ਸਾਨੁੰ ਮਨਜ਼ੂਰ ਨਹੀਂ ਸੀ ਜਿਸ ਕਾਰਨ ਅਸੀਂ ਦਿੱਲੀ ਦੀਆਂ ਸੰਗਤਾਂ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾਇਆ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਅਕਾਲੀ ਲੀਡਰਸ਼ਿਪ ਪਰਮਜੀਤ ਸਿੰਘ ਸਰਨਾ ਨੂੰ ਨਾ ਰਲਾਉਣ ਨੁੰ ਪੰਥਕ ਦੱਸ ਰਹੀ ਹੈ ਤੇ ਜੋ ਸਹਿਮਤ ਨਹੀਂ ਹਨ, ਉਹਨਾਂ ਖਿਲਾਫ ਬੋਲ ਰਹੀ ਹੈ ਜਦੋਂ ਕਿ ਸਰਨਾ ਆਪ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਨਾਲ ਬੈਠ ਕੇ ਬਾਦਲਾਂ ਦੇ ਖਿਲਾਫ ਬੋਲ ਰਹੇ ਹਨ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਕਾਰ ਕਾਹਲੋਂ ਨੇ ਸਪਸ਼ਟ ਕੀਤਾ ਕਿ ਅਸੀਂ ਅਕਾਲੀ ਦਲ ਦਿੱਲੀ ਸਟੇਟ ਦੇ ਨੁਮਾਇੰਦੇ ਹਾਂ ਤੇ ਸਾਡਾ ਭਾਜਪਾ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਨਾ ਹੀ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਕਮੇਟੀ ਦੇ ਕੰਮਕਾਜ ਵਿਚ ਕੋਈ ਦਖਲ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨਾਲ ਸਹਿਯੋਗ ਕਰਨਾ ਪੈਂਦਾ ਹੈ, ਇਸ ਲਈ ਅਸੀਂ ਕੇਂਦਰ ਤੇ ਵੱਖ ਵੱਖ ਰਾਜ ਸਰਕਾਰਾਂ ਨਾਲ ਰਲ ਕੇ ਪੰਥ ਵਾਸਤੇ ਕੰਮ ਕਰ ਰਹੇ ਹਾਂ। ਉਹਨਾਂ ਦੱਸਿਆ ਕਿ 8 ਮਈ ਨੂੰ ਭਾਈ ਮਤੀ ਦਾਸ ਚੌਂਕ ਦਾ ਉਦਘਾਟਨ ਦਿੱਲੀ ਵਿਚ ਰੱਖਿਆ ਗਿਆ ਹੈ ਜਿਥੇ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵੀ ਪਹੁੰਚ ਰਹੇ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਲਾਲ ਕਿਲ੍ਹੇ ’ਤੇ ਜੋ ਪ੍ਰੋਗਰਾਮ ਹੋਇਆ ਸੀ, ਉਹ ਕੇਂਦਰ ਸਰਕਾਰ ਨੇ ਕਰਵਾਇਆ ਸੀ ਤੇ ਕੇਂਦਰ ਸਰਕਾਰ ਨੇ ਹੀ ਪੰਜਾਂ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੁੰ ਵੀ ਸੱਦਾ ਪੱਤਰ ਭੇਜਿਆ ਸੀ ਪਰ ਇਹ ਨਹੀਂ ਆਏ। ਜੇਕਰ ਆ ਜਾਂਦੇ ਤਾਂ ਹੋਰ ਚੰਗਾ ਹੁੰਦਾ। ਉਹਨਾਂ ਦੱਸਿਆ ਕਿ ਅਸੀਂ ਇਹਨਾਂ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਪਰ ਇਹਨਾਂ ਨੇ ਨਾ ਆਉਣ ਦਾ ਫੈਸਲਾ ਕੀਤਾ।
ਪਟਿਆਲਾ ਘਟਨਾ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਘਟਨਾ ਅਚਾਨਕ ਨਹੀਂ ਹੋਈ ਤੇ ਇਹ ਸਰਕਾਰ ਦੀ ਵੱਡੀ ਅਸਫਲਤਾ ਹੈ। ਉਹਨਾਂ ਕਿਹਾ ਕਿ ਇਸ ਘਟਨਾ ’ਤੇ ਪ੍ਰਸ਼ਾਸਨ ਨੁੰ ਧਿਆਨ ਦੇਣਾ ਚਾਹੀਦਾ ਸੀ ਤੇ ਹੁਣ ਆਪਣੀਆਂ ਕਮੀਆਂ ’ਤੇ ਪਰਦਾ ਪਾਉਣ ਵਾਸਤੇ ਸਰਕਾਰ ਵਿਰੋਧੀਆਂ ਨੁੰ ਦੋਸ਼ ਦੇ ਰਹੀ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੁੰ ਅਪੀਲ ਕਰਦੇ ਹਾਂ ਕਿ ਸਾਰੇ ਅਮਨ ਸ਼ਾਂਤੀ ਨਾਲ ਰਹੀਏ।
ਇਸ ਮੌਕੇ ਐਡਵੋਕੇਟ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸੱਜਣ ਕੁਮਾਰ ਨੂੰ ਸਰਸਵਤੀ ਵਿਹਾਰ ਵਾਲੇ ਕੇਸ ਵਿਚ ਜ਼ਮਾਨਤ ਮਿਲੀ ਹੈ ਜਿਸ ਵਿਚ ਦਿੱਲੀ ਕਮੇਟੀ ਦਾ ਵਕੀਲ ਹਰ ਪੇਸ਼ੀ ’ਤੇ ਅਦਾਲਤ ਵਿਚ ਹਾਜ਼ਰ ਹੁੰਦਾ ਰਿਹਾ ਹੈ ਪਰ ਗਵਾਹਾਂ ਦਾ ਵਕਾਲਤਨਾਮਾ ਨਾ ਮਿਲਣ ਕਾਰਨ ਜ਼ਮਾਲਤ ਹੋਈ ਤੇ ਹੁਣ ਵਕਾਲਤਨਾਮਾ ਮਿਲ ਗਿਆ ਹੈ ਤਾਂ ਅਸੀਂ ਅਦਾਲਤ ਵਿਚ ਫੈਸਲੇ ਨੁੰ ਚੁਣੌਤੀ ਦੇਵਾਂਗੇ। ਉਹਨਾਂ ਦੱਸਿਆ ਕਿ ਮਨਜੀਤ ਸਿੰਘ ਜੀ ਕੇ ਦੇ ਸਮੇਂ ਵਿਚ ਵਿਕਾਸਪੁਰੀ, ਜਨਕਪੁਰੀ, ਸੁਲਤਾਨਪੁਰੀ ਦੇ ਤਿੰਨੋਂ ਐਫ ਆਈ ਆਰ ਵਿਚ ਸੱਜਣ ਕੁਮਾਰ ਨੂੰ ਜ਼ਮਾਨਤ ਮਿਲੀ ਪਰ ਉਹ ਉਸ ਵੇਲੇ ਚੁੱਪ ਰਹੇ।
ਉਹਨਾਂ ਦੱਸਿਆ ਕਿ ਅੱਜ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਮਰੀਕਾ ਮਾਮਲੇ ਵਿਚ ਉਹਨਾਂ ਨੂੰ ਸੱਦਿਆ ਸੀ ਤੇ ਹੁਣ ਅਮਰੀਕਾ ਵਿਚ ਸਰੁਪ ਛਾਪਣ ਵਾਲਿਆਂ ਦੇ ਸਰੁਪ ਛਾਪਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਜੇਕਰ ਉਹ ਨਾ ਟਲੇ ਤਾਂ ਕਾਨੁੰਨੀ ਕਾਰਵਾਈ ਕੀਤੀ ਜਾਵੇਗੀ।