ਨਾਭਾ, 18 ਅਪ੍ਰੈਲ 2025 – ਸਾਧੂ ਸਿੰਘ ਧਰਮਸੋਤ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ 17 ਅਪ੍ਰੈਲ ਦੀ ਸ਼ਾਮ ਨੂੰ ਜੇਲ੍ਹ ਤੋਂ ਰਿਹਾਅ ਕੇ ਬਾਹਰ ਆ ਗਏ ਹਨ। ਦੱਸ ਦਈਏ ਕਿ ਸੁਪਰੀਮ ਕੋਰਟ ਨੇ 15 ਅਪ੍ਰੈਲ ਨੂੰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਜਿਸ ਤੋਂ ਬਾਅਦ ਧਰਮਸੋਤ 14 ਮਹੀਨਿਆਂ ਬਾਅਦ ਨਾਭਾ ਜੇਲ੍ਹ ਤੋਂ ਬਾਹਰ ਆਏ।
ਜੇਲ੍ਹ ਤੋਂ ਬਾਹਰ ਕਾਂਗਰਸੀ ਵਰਕਰਾਂ ਨੇ ਸਾਧੂ ਸਿੰਘ ਧਰਮਸੋਤ ਦੇ ਹੱਕ ਵਿੱਚ ਜਿੱਥੇ ਨਾਅਰੇ ਲਗਾਏ ਉੱਥੇ ਹੀ ਵਰਕਰਾਂ ਨੇ ਸਾਧੂ ਸਿੰਘ ਧਰਮਸੋਤ ਦਾ ਗਰਮਜੋਸ਼ੀ ਨਾਲ ਸੁਆਗਤ ਵੀ ਕੀਤਾ। ਇਸ ਮੌਕੇ ਧਰਮਸੋਤ ਨੇ ਆਖਿਆ ਕਿ ਸੁਪਰੀਮ ਕੋਰਟ ਵੱਲੋਂ ਮਿਲੀ ਇਸ ਰਾਹਤ ਲਈ ਉਹ ਦੇਸ਼ ਦੀ ਸਰਵਉੱਚ ਸੰਸਥਾ ਦਾ ਧੰਨਵਾਦ ਕਰਦੇ ਹਨ।
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਉੱਪਰ ਈਡੀ ਵੱਲੋਂ ਆਮਦਨ ਤੋਂ ਵੱਧ ਜਾਇਜਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਤਹਿਤ ਉਹ ਪਿਛਲੇ 14 ਮਹੀਨੇ ਤੋਂ ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ਵਿੱਚ ਬੰਦ ਸਨ। ਬੀਤੇ ਦਿਨ ਬੁੱਧਵਾਰ (15 ਅਪ੍ਰੈਲ) ਨੂੰ ਸੁਪਰੀਮ ਕੋਰਟ ਨੇ ਰਾਹਤ ਦਿੰਦਿਆਂ ਧਰਮਸੋਤ ਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਤਕਨੀਕੀ ਕਾਰਣਾਂ ਕਰਕੇ ਉਨ੍ਹਾਂ ਦੀ ਰਿਹਾਈ 17 ਅਪ੍ਰੈਲ ਦੀ ਸ਼ਾਮ ਨੂੰ ਹੋ ਸਕੀ।

ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਨੇ 2022 ਵਿੱਚ ਸਾਬਕਾ ਮੰਤਰੀ ਧਰਮਸੋਤ ਖਿਲਾਫ਼ ਰਿਸ਼ਵਤ ਦੇ ਮਾਮਲੇ ਦਾ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ 15 ਜਨਵਰੀ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਧਰਮਸੋਤ ‘ਤੇ ਦੋਸ਼ ਹਨ ਕਿ ਜਦੋਂ ਉਹ ਮਾਰਚ 2016 ਤੋਂ ਮਾਰਚ 2022 ਤੱਕ ਜੰਗਲਾਤ ਮੰਤਰੀ ਸਨ, ਉਸ ਸਮੇਂ ਦੌਰਾਨ ਉਨ੍ਹਾਂ ਦੀ ਆਮਦਨ 2.37 ਕਰੋੜ ਰੁਪਏ ਸੀ, ਜਦੋਂ ਕਿ ਉਨ੍ਹਾਂ ਵੱਲੋਂ 8.76 ਕਰੋੜ ਰੁਪਏ ਖਰਚ ਕੀਤੇ ਗਏ ਸਨ। ਈਡੀ ਦੀ ਜਾਂਚ ਵਿੱਚ ਪਾਇਆ ਗਿਆ ਕਿ ਧਰਮਸੋਤ ਨੇ 1 ਮਾਰਚ, 2016 ਤੋਂ 31 ਮਾਰਚ, 2022 ਦੀ ਮਿਆਦ ਲਈ ਆਪਣੇ ਅਤੇ ਆਪਣੇ ਪੁੱਤਰਾਂ ਨੂੰ ਜਾਣੇ ਜਾਂਦੇ ਸਰੋਤਾਂ ਤੋਂ ਵੱਧ ਜਾਇਦਾਦਾਂ ਹਾਸਲ ਕੀਤੀਆਂ ਸਨ।
ਇਸ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਹੁਣ 14 ਮਹੀਨਿਆਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਹੈ।
