ਚੰਡੀਗੜ੍ਹ, 17 ਸਤੰਬਰ 2025 – ਪੰਜਾਬ ‘ਚ ਆਏ ਹੜ੍ਹਾਂ ਕਾਰਨ 2185 ਪਿੰਡਾਂ ’ਚ ਵੱਡੇ ਪੱਧਰ ‘ਤੇ ਮਾਰ ਪਰੀ ਹੈ, ਫਸਲਾਂ, ਪਸ਼ੂਆਂ ਤੋਂ ਬਿਨਾਂ ਆਮ ਲੋਕਾਂ ਦੇ ਘਰਾਂ ਦਾ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਉੱਥੇ ਹੀ ਹੜ੍ਹਾਂ ਕਾਰਨ ਪੰਜਾਬ ਦੇ 2185 ਪਿੰਡਾਂ ’ਚ 5 ਲੱਖ ਏਕੜ ਖੇਤਰ ’ਚ ਫ਼ਸਲਾਂ ਦੀ ਹੋਈ ਤਬਾਹੀ ਦਾ ਹਵਾਲਾ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਰਹੱਦੀ ਜ਼ਿਲ੍ਹਿਆਂ ’ਚ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਕੇਂਦਰ ਸਰਕਾਰ ਨੂੰ ਕੌਮੀ ਖੇਤੀ ਵਿਕਾਸ ਯੋਜਨਾ (ਆਰ. ਕੇ. ਵੀ. ਵਾਈ.) ਤਹਿਤ ਵਾਧੂ ਵਿੱਤੀ ਸਹਾਇਤਾ ਲਈ 151 ਕਰੋੜ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਉੱਥੇ ਹੀ ਨਵੀਂ ਦਿੱਲੀ ’ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਕੌਮੀ ਖੇਤੀਬਾੜੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਖੇਤੀ ਅਧੀਨ ਰਕਬੇ ਤੇ ਖੜ੍ਹੀਆਂ ਫ਼ਸਲਾਂ ਦੀ ਵੱਡੇ ਪੈਮਾਨੇ ’ਤੇ ਤਬਾਹੀ ਹੋਈ ਹੈ। ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਕਪੂਰਥਲਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ ਅਤੇ ਇੱਥੇ ਜ਼ਮੀਨਾਂ ’ਤੇ 5-5 ਫੁੱਟ ਤੱਕ ਸਿਲਟ/ਰੇਤ ਜਮ੍ਹਾਂ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਮੁਲਕ ਦੇ ਕਿਸੇ ਵੀ ਖਿੱਤੇ ’ਚ ਲੋਕਾਂ ’ਤੇ ਮੁਸ਼ਕਲ ਬਣਨ ’ਤੇ ਹਮੇਸ਼ਾ ਵੱਡੇ ਦਿਲ ਨਾਲ ਮਦਦ ਕੀਤੀ ਹੈ ਤੇ ਹੁਣ ਇਸ ਸੰਕਟਮਈ ਹਾਲਾਤ ’ਚੋਂ ਪੰਜਾਬ ਨੂੰ ਬਾਹਰ ਕੱਢਣ ਲਈ ਕੇਂਦਰ ਨੂੰ ਮਦਦ ਦਾ ਹੱਥ ਵਧਾਉਣਾ ਚਾਹੀਦਾ ਹੈ। ਖੇਤੀ ਵਿਭਾਗ ਪੰਜਾਬ ਦੇ ਮੁਤਾਬਕ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ‘ਚ ਕਰੀਬ 2.15 ਲੱਖ ਏਕੜ ਰਕਬੇ ‘ਤੇ ਰੇਤ ਚੜ੍ਹ ਗਈ ਹੈ। ਹੁਣ ਪ੍ਰਤੀ ਏਕੜ ‘ਚੋਂ ਰੇਤ ਹਟਾਉਣ ‘ਤੇ ਔਸਤਨ 7 ਹਜ਼ਾਰ ਰੁਪਏ ਦਾ ਖ਼ਰਚਾ ਆਵੇਗਾ ਅਤੇ ਹੜ੍ਹਾਂ ਦੇ ਭੰਨੇ ਕਿਸਾਨਾਂ ਲਈ ਇਹ ਲਾਗਤਾ ਖ਼ਰਚਾ ਚੁੱਕਣਾ ਔਖਾ ਹੈ। ਸੂਬਾ ਸਰਕਾਰ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਖੇਤਾਂ ਨੂੰ ਤਿਆਰ ਕਰਨ ਵਾਸਤੇ ਜੁੱਟੀ ਹੋਈ ਹੈ।

