ਚੰਡੀਗੜ੍ਹ, 8 ਅਗਸਤ 2023 – ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਦੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਕਤਲ ਦੇ ਸਾਜ਼ਿਸ਼ਘਾੜੇ ਗੁਰੂਗ੍ਰਾਮ ਜੇਲ੍ਹ ਵਿੱਚ ਬੰਦ ਗੈਂਗਸਟਰ ਕੌਸ਼ਲ ਚੌਧਰੀ, ਅਮਿਤ ਡਾਗਰ ਅਤੇ ਸ਼ੂਟਰ ਵਿਕਾਸ ਮਹਲੇ ਨੂੰ ਹਰਿਆਣਾ ਪੁਲੀਸ ਨੇ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ। ਜਦੋਂਕਿ ਪੁਲੀਸ ਨੇ ਹੋਰ ਜੇਲ੍ਹਾਂ ਵਿੱਚ ਬੰਦ ਮਨਜੋਤ ਕੌਰ ਉਰਫ਼ ਜੋਤ, ਫਤਿਹ ਸਿੰਘ ਉਰਫ਼ ਜੁਵਰਾਜ, ਸਿਮਰਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਨੂੰ ਵੀ ਲਿਆਂਦਾ। 4 ਘੰਟੇ ਅਦਾਲਤੀ ਕੰਪਲੈਕਸ ਵਿੱਚ ਸਖ਼ਤ ਪਹਿਰਾ ਰਿਹਾ।
ਏ.ਸੀ.ਪੀ ਨਿਰਮਲ ਸਿੰਘ ਅਤੇ ਐਸ.ਐਚ.ਓ ਰਵਿੰਦਰ ਕੁਮਾਰ ਆਪਣੀ ਟੀਮ ਸਮੇਤ ਕਚਹਿਰੀ ਕੰਪਲੈਕਸ ਵਿੱਚ ਤਾਇਨਾਤ ਰਹੇ। ਸੋਮਵਾਰ ਨੂੰ ਚਾਰਜ ਨਹੀਂ ਲਗਾਇਆ ਜਾ ਸਕਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਅਗਸਤ ਨੂੰ ਤੈਅ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਮਾਰਚ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ ਪੁਨੀਤ ਅਤੇ ਨਰਿੰਦਰ ਲਾਲੀ ਅਜੇ ਫਰਾਰ ਹਨ। ਸੰਦੀਪ ਤੋਂ ਇਲਾਵਾ ਦੋਵਾਂ ਨੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਅਤੇ ਗੁਰਮੀਤ ਸਿੰਘ ਟਿੰਕੂ ਦਾ ਕਤਲ ਕੀਤਾ ਸੀ।