ਨਵੀਂ ਦਿੱਲੀ, 9 ਅਕਤੂਬਰ, 2022: ਦਿੱਲੀ ਦੀ ਸਿੱਖ ਸਿਆਸਤ ਵਿਚ ਸਰਨਾ ਭਰਾਵਾਂ ਤੇ ਬਾਦਲਾਂ ਦਾ ਏਕਾ ਹੋਣ ਦਾ ਸੁਨੇਹਾ ਦੇਣ ਦੀ ਤਿਆਰੀ ਹੋ ਰਹੀ ਹੈ। ਅੱਜ 9 ਅਕਤੂਬਰ ਨੂੰ ਦੁਪਹਿਰ ਬਾਅਦ 3.00 ਵਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੀਂ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਸਥਿਤ ਸਰਨਾ ਭਰਾਵਾਂ ਯਾਨੀ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਰਿਹਾਇਸ਼ ’ਤੇ ਪਹੁੰਚਣਗੇ ਜਿਥੇ ਇਹ ਪੰਥਕ ਏਕਤਾ ਦਾ ਸੁਨੇਹਾ ਦਿੱਤਾ ਜਾਵੇਗਾ।
ਇਹ ਪੰਥਕ ਏਕਤਾ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋਂ ਸਰਨਾ ਭਰਾਵਾਂ ਨੂੰ ਦਿੱਲੀ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਦੀ ਭਾਜਪਾ ਨਾਲ ਨੇੜਤਾ ਨੂੰ ਵੇਖਦਿਆਂ ਸਰਨਾ ਭਰਾਵਾਂ ਤੇ ਬਾਦਲਾਂ ਨੇ ਆਪਸ ਵਿਚ ਏਕਤਾ ਕਰਨ ਦਾ ਮਨ ਬਣਾ ਲਿਆ ਹੈ ਜਿਸ ਨੂੰ ਅੱਜ 9 ਅਕਤੂਬਰ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ। ਇਹ ਪ੍ਰੋਗਰਾਮ ਪੰਜਾਬੀ ਬਾਗ ਵਿੱਚ ਦੁਪਹਿਰ 3 ਵਜੇ ਹੋਵੇਗਾ।