ਕਪੂਰਥਲਾ, 16 ਸਤੰਬਰ 2022 – ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ‘ਚ ਪਿੰਡ ਲਾਟੀਆਂਵਾਲ ਦਾ ਸਰਪੰਚ ਬਲਬੀਰ ਸਿੰਘ ਨਸ਼ਾ ਵੇਚਣ ਦਾ ਕਿੰਗ ਪਿੰਨ ਨਿਕਲਿਆ ਹੈ। ਇਹ ਦਾਅਵਾ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਕਰੀਬ 4 ਮਹੀਨਿਆਂ ‘ਚ ਐਨ.ਡੀ.ਪੀ.ਐਸ.ਐਕਟ ਦੇ ਦਰਜ ਕੀਤੇ ਗਏ 4 ਕੇਸਾਂ ‘ਚ ਕਾਬੂ ਕੀਤੇ ਨਸ਼ਾ ਤਸਕਰਾਂ ਨੇ ਪੁੱਛਗਿੱਛ ‘ਚ ਸਰਪੰਚ ਦੇ ਨਾਂਅ ਦਾ ਖੁਲਾਸਾ ਕੀਤਾ ਹੈ। ਜਿਸ ਤੋਂ ਬਾਅਦ ਜਾਂਚ ਦੇ ਘੇਰੇ ‘ਚ ਆਏ ਸਰਪੰਚ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ 1 ਜੂਨ ਨੂੰ 222 ਗ੍ਰਾਮ ਨਸ਼ੀਲਾ ਪਾਊਡਰ, 3 ਜੂਨ ਨੂੰ 232 ਗ੍ਰਾਮ ਨਸ਼ੀਲਾ ਪਾਊਡਰ, 13 ਜੂਨ ਨੂੰ 150 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਅਤੇ 4 ਸਤੰਬਰ ਨੂੰ ਇੱਕ ਮੁਲਜ਼ਮ ਨੂੰ ਕਿਲੋ ਹੈਰੋਇਨ ਅਤੇ 540 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਸੀ।
ਐਸਐਸਪੀ ਕਪੂਰਥਲਾ ਅਨੁਸਾਰ ਇਨ੍ਹਾਂ ਮਾਮਲਿਆਂ ਵਿੱਚ ਪੁਲੀਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਨਸ਼ਾ ਵੇਚਣ ਵਾਲਿਆਂ ‘ਚ ਪਿੰਡ ਲਾਟੀਆਂਵਾਲ ਦੇ ਸਰਪੰਚ ਬਲਬੀਰ ਸਿੰਘ ਦਾ ਨਾਂ ਲਿਆ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਇਹ ਵੀ ਦੱਸਿਆ ਕਿ ਉਹ ਸਰਪੰਚ ਨਾਲ ਮਿਲ ਕੇ ਵੱਡੇ ਪੱਧਰ ‘ਤੇ ਨਸ਼ੇ ਦੀ ਸਪਲਾਈ ਕਰਦੇ ਹਨ। ਸਰਪੰਚ ਵੀ ਇਨ੍ਹਾਂ ਵਿੱਚ ਭਾਗੀਦਾਰ ਹੈ। ਇਸ ਦੇ ਨਾਲ ਹੀ ਇਹ ਨਸ਼ਿਆਂ ਦੀ ਵਿਕਰੀ ਦਾ ਮੁੱਖ ਸਰਗਨਾ ਹੈ। ਜਿਸ ਦੇ ਆਧਾਰ ‘ਤੇ ਦੋਸ਼ੀ ਸਰਪੰਚ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।