ਚੰਡੀਗੜ੍ਹ, 14 ਜੂਨ 2022 – ਪੰਜਾਬ ਵਿੱਚ ਭਾਜਪਾ ਮਜ਼ਬੂਤ ਹੋਣ ਲੱਗੀ ਹੈ। ਜਿਨ੍ਹਾਂ ਆਗੂਆਂ ਨੂੰ ਕਾਂਗਰਸ ਬਾਹਰ ਦਾ ਰਸਤਾ ਦਿਖਾ ਰਹੀ ਹੈ, ਉਹ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਕਾਂਗਰਸ ਨੇ ਅਜੈਬ ਸਿੰਘ ਰਟੌਲ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਕੁਝ ਘੰਟਿਆਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ। ਅਜਾਇਬ ਸਿੰਘ ਦਿੜ੍ਹਬਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸਨ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਤੋਂ ਚੋਣ ਹਾਰ ਗਏ ਸਨ।
ਇਸ ਵਾਰ ਕਾਂਗਰਸ ਨੇ ਸਤਕਾਰ ਕੌਰ ਨੂੰ ਟਿਕਟ ਨਹੀਂ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਨਾਰਾਜ਼ ਹੋਈ ਸਤਕਾਰ ਕੌਰ ਸਤਕਾਰ ਕੌਰ ਗਹਿਰੀ ਵੀ ਭਾਜਪਾ ‘ਚ ਸ਼ਾਮਲ ਹੋ ਗਈ ਹੈ।
ਇਸ ਤੋਂ ਪਹਿਲਾਂ ਵੀ ਕਾਂਗਰਸ ਦੇ 4 ਸਾਬਕਾ ਮੰਤਰੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਰਾਜਕੁਮਾਰ ਵੇਰਕਾ ਸ਼ਾਮਲ ਹਨ।
ਕਾਂਗਰਸ ‘ਚ ਅਸਲ ਗੜਬੜ ਦਿੱਗਜ ਨੇਤਾ ਸੁਨੀਲ ਜਾਖੜ ਨੇ ਪੈਦਾ ਕੀਤੀ ਹੈ। ਜਦੋਂ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦਾ ਨੋਟਿਸ ਦਿੱਤਾ ਤਾਂ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਲਗਾਤਾਰ ਕਾਂਗਰਸੀਆਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਕਹਿ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਤੋਂ ਕਰੀਬ 3 ਮਹੀਨੇ ਪਹਿਲਾਂ ਕਾਂਗਰਸ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਸੀ। ਕੈਪਟਨ ਨੇ ਕਾਂਗਰਸ ਛੱਡ ਦਿੱਤੀ। ਉਸ ਨੇ ਪੰਜਾਬ ਲੋਕ ਕਾਂਗਰਸ ਦੇ ਨਾਂ ‘ਤੇ ਵੱਖਰੀ ਪਾਰਟੀ ਬਣਾ ਕੇ ਚੋਣ ਲੜੀ ਪਰ ਕਾਮਯਾਬ ਨਹੀਂ ਹੋਏ। ਹਾਲਾਂਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਕਾਂਗਰਸ ਪੂਰੀ ਤਰ੍ਹਾਂ ਟੁੱਟ ਗਈ ਹੈ। ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਦੀ ਆਪਸੀ ਲੜਾਈ ਕਾਰਨ ਕਾਂਗਰਸ ਵਿਧਾਨ ਸਭਾ ਚੋਣਾਂ ਹਾਰ ਗਈ ਸੀ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਮਾਨ ਸੌਂਪਣ ਤੋਂ ਬਾਅਦ ਕਾਂਗਰਸ ਦੇ ਕਈ ਸੀਨੀਅਰ ਆਗੂ ਇਸ ਤੋਂ ਖੁਸ਼ ਨਹੀਂ ਹਨ।