- ਬਰੇਕ ਫ਼ੇਲ੍ਹ ਹੋਣ ਕਾਰਨ ਵਾਪਰਿਆ ਹਾਦਸਾ
- ਸਕੂਲੀ ਬੱਚੇ ਬਠਿੰਡਾ ਤੋਂ ਭਾਖੜਾ ਡੈਮ ਦੇਖਣ ਲਈ ਜਾ ਰਹੇ ਸਨ
ਬਠਿੰਡਾ, 29 ਅਕਤੂਬਰ 2023 – ਬਠਿੰਡਾ ਦੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ, ਜੋ ਉੱਤਰੀ ਭਾਰਤ ਵਿੱਚ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੇਖਣ ਜਾ ਰਹੀ ਸੀ, ਹਿਮਾਚਲ ਦੇ ਬਿਲਾਸਪੁਰ ਵਿੱਚ ਓਲਿੰਡਾ ਨਾਮਕ ਸਥਾਨ ਉੱਤੇ ਪਲਟ ਗਈ। ਇਸ ਹਾਦਸੇ ‘ਚ ਕਰੀਬ 6 ਬੱਚੇ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਬੀਬੀਐਮਬੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬੱਸ ਵਿੱਚ ਅੱਧੀ ਦਰਜਨ ਸਟਾਫ਼ ਮੈਂਬਰਾਂ ਸਮੇਤ ਕਰੀਬ 58 ਬੱਚੇ ਸਵਾਰ ਸਨ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਬੁਰਜ ਗਿੱਲ ਸਰਕਾਰੀ ਸਕੂਲ ਰਾਮਪੁਰਾ ਫੂਲ ਦੇ ਬੱਚੇ ਸੈਰ ਕਰਨ ਗਏ ਹੋਏ ਸਨ। ਆਨੰਦਪੁਰ ਸਾਹਿਬ ‘ਚ ਵਿਰਾਸਤ-ਏ-ਖਾਲਸਾ ਨੂੰ ਦੇਖਣ ਤੋਂ ਬਾਅਦ ਉਹ ਭਾਖੜਾ ਡੈਮ ਦੇਖਣ ਜਾ ਰਹੇ ਸਨ। ਬੱਸ ਡਰਾਈਵਰ ਰਾਜੇਸ਼ ਨੇ ਦੱਸਿਆ ਕਿ ਓਲਿੰਡਾ ਨੇੜੇ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ।
ਉਸ ਨੇ ਬੱਸ ਨੂੰ ਸਾਈਡ ‘ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਬੱਸ ਸੜਕ ‘ਤੇ ਪਲਟ ਗਈ। ਆਸ-ਪਾਸ ਦੇ ਲੋਕਾਂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਹਸਪਤਾਲ ਦੀ ਸੀਐਮਓ ਸ਼ਾਲਿਨੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬੱਚਿਆਂ ਦੇ ਨਾਲ ਸਕੂਲ ਸਟਾਫ਼ ਨੂੰ ਵੀ ਮੁੱਢਲੀ ਸਹਾਇਤਾ ਦਿੱਤੀ ਹੈ। ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਕੁਝ ਬੱਚਿਆਂ ਨੂੰ ਨਿਗਰਾਨੀ ਹੇਠ ਵੀ ਰੱਖਿਆ ਗਿਆ। ਕਿਸੇ ਨੂੰ ਵੀ ਰੈਫਰ ਕਰਨ ਦੀ ਲੋੜ ਨਹੀਂ ਸੀ।
ਹਾਦਸੇ ਦਾ ਪਤਾ ਲੱਗਦਿਆਂ ਹੀ ਬੀਬੀਐਮਬੀ ਦੇ ਚੀਫ ਇੰਜਨੀਅਰ ਸੀਪੀ ਸਿੰਘ ਅਤੇ ਡਿਪਟੀ ਚੀਫ ਇੰਜਨੀਅਰ ਹੁਸਨ ਲਾਲ ਕੰਬੋਜ ਵੀ ਤੁਰੰਤ ਹਸਪਤਾਲ ਪੁੱਜੇ ਅਤੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਸੰਜੀਵ ਗੌਤਮ ਨੇ ਦੱਸਿਆ ਕਿ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਬਠਿੰਡਾ ਭੇਜ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।