ਅੰਮ੍ਰਿਤਸਰ, 9 ਸਤੰਬਰ 2025 – ਰਮਦਾਸ ਦੇ ਤਿਨ ਟੁੱਟੇ ਹੋਏ ਧੁੱਸੀ ਬੰਨ੍ਹ ਘੋਨੇਵਾਲਾ, ਕੋਟ ਰਜਾਦਾ ਅਤੇ ਮਾਛੀਵਾਲਾ ਵਿਚ ਬੰਨ੍ਹ ਜੋੜਨ ਦੇ ਕੰਮ ਵਿਚ ਮੀਂਹ ਨੇ ਇਕ ਵਾਰ ਫਿਰ ਤੋਂ ਅੜਿੱਕਾ ਪਾ ਦਿੱਤਾ ਹੈ। ਇਸ ਦੇ ਬਾਵਜੂਦ ਸਰਕਾਰੀ ਅਤੇ ਸਮਾਜ ਭਲਾਈ ਸੰਸਥਾਵਾਂ ਵੱਲੋਂ ਬੰਨ੍ਹ ਨੂੰ ਜੋੜਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਦੂਸਰੇ ਪਾਸੇ ਜ਼ਿਲ੍ਹਾ ਪ੍ਰਸਾਸ਼ਨ ਨੇ ਅਜਨਾਲਾ, ਰਮਦਾਸ ਅਤੇ ਲੋਪੋਕੇ ਦੇ ਇਲਾਕਿਆਂ ਵਿਚ 12 ਸਤੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ, ਜਦਕਿ ਹੋਰ ਇਲਾਕਿਆਂ ਵਿਚ ਸਕੂਲ ਆਮ ਦਿਨਾਂ ਵਾਂਗ ਖੁੱਲਣਗੇ।
ਦੂਜੇ ਪਾਸੇ ਡੀ. ਸੀ. ਸਾਕਸ਼ੀ ਸਾਹਨੀ ਨੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਮੁੱਖ ਤੌਰ ’ਤੇ ਐੱਸ. ਡੀ. ਐੱਮ., ਜ਼ਿਲਾ ਮਾਲ ਅਧਿਕਾਰੀਆਂ ਅਤੇ ਤਹਿਸੀਲਦਾਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਤਾਂ ਜੋ ਮੁੜ ਵਸੇਬੇ ਦੇ ਕੰਮ ਨੂੰ ਤੇਜ਼ ਕੀਤਾ ਜਾ ਸਕੇ। ਜ਼ਮੀਨਾਂ ਦੀ ਗਿਰਦਾਵਰੀ ਦਾ ਕੰਮ ਵੀ ਤੇਜ਼ ਕੀਤਾ ਜਾਵੇ। ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ ਪਾਣੀ ਵਿਚ ਵਹਿ ਗਏ ਹਨ ਜਾਂ ਖਰਾਬ ਹੋ ਗਏ ਹਨ, ਉਨ੍ਹਾਂ ਲਈ ਡਿਜੀਟਲ ਸਬੂਤ ਜਿਵੇਂ ਕਿ ਆਧਾਰ ਕਾਰਡ ਆਦਿ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਆਧਾਰ ਕਾਰਡ ਨੂੰ ਮੋਬਾਇਲ ਨੰਬਰ ਨਾਲ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਮੁਆਵਜ਼ੇ ਦੀ ਰਕਮ ਲੋਕਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਜਾ ਸਕੇ। ਹੁਣ ਤੱਕ ਹੜ੍ਹ ਵਿਚ ਡੁੱਬਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
ਸਰਕਾਰ ਨੇ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਡੀ. ਸੀ. ਨੇ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਹੈ, ਜਿਸ ਵਿਚ ਚਮੜੀ ਅਤੇ ਅੱਖਾਂ ਦੀ ਲਾਗ, ਦਸਤ ਅਤੇ ਹੋਰ ਬੀਮਾਰੀਆਂ ਸ਼ਾਮਲ ਹਨ, ਇਸ ਲਈ ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਘਰ-ਘਰ ਵੰਡੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਪਸ਼ੂਆਂ ਲਈ ਵੈਟਰਨਰੀ ਡਾਕਟਰ ਦੀਆਂ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

