ਚੰਡੀਗੜ੍ਹ, 26 ਅਗਸਤ 2025 – ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਅੱਜ ਸਕੂਲ ਬੰਦ ਰਹਿਣਗੇ। ਇਹ ਫੈਸਲਾ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਗਿਆ ਹੈ। ਭਾਰੀ ਮੀਂਹ ਅਤੇ ਸਤਲੁਜ ਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਕਈ ਜ਼ਿਲ੍ਹਿਆਂ ਵਿੱਚ ਪਾਣੀ ਆਉਣ ਕਾਰਨ ਜਿਵੇਂ ਕਿ ਅੰਮ੍ਰਿਤਸਰ, ਪਠਾਨਕੋਟ, ਫ਼ਾਜ਼ਿਲਕਾ, ਫਿਰੋਜ਼ਪੁਰ, ਜਲੰਧਰ, ਗੁਰਦਸਪੁਰ, ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਸਕੂਲ ਬੰਦ ਕੀਤੇ ਗਏ ਹਨ।
ਦੱਸ ਦਈਏ ਕਿ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਅਤੇ ਅੰਮ੍ਰਿਤਸਰ ਦੇ ਅਜਨਾਲਾ ਅਤੇ ਰਈਆ ਬਲਾਕਾਂ ਦੇ ਸਕੂਲਾਂ ਵਿੱਚ ਅੱਜ ਛੁੱਟੀ ਹੈ। ਜਦੋਂ ਕਿ ਫਾਜ਼ਿਲਕਾ ਦੇ ਲਗਭਗ 20 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ‘ਚ ਪੈਂਦੇ ਰਾਵੀ ਅਤੇ ਬਿਆਸ ਦਰਿਆਵਾਂ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਕਰਕੇ ਅਹਿਤਿਆਤ ਦੇ ਤੌਰ ਉਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਵਲੋਂ ਬਲਾਕ ਅਜਨਾਲਾ 2 ਅਤੇ ਰਈਆ 1 ਵਿਚ ਪੈਂਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿਚ ਕੱਲ੍ਹ ਯਾਨੀ 26 ਅਗਸਤ ਦਿਨ ਮੰਗਲਵਾਰ ਨੂੰ ਛੁੱਟੀ ਕਰ ਦਿੱਤੀ ਗਈ ਹੈ।

ਫ਼ਿਰੋਜ਼ਪੁਰ: ਇਸ ਦੇ ਨਾਲ ਹੀ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਵਲੋਂ ਗੁਰੂ ਹਰ ਸਹਾਏ ਦੇ 2,ਫ਼ਿਰੋਜ਼ਪੁਰ-2 ਦੇ 6,ਫਿਰੋਜ਼ਪੁਰ-3 ਦੇ 4 ਅਤੇ ਮੱਲਾਂਵਾਲਾ ਦੇ 2 ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਕਪੂਰਥਲਾ: ਭਾਰੀ ਬਾਰਿਸ਼ ਕਾਰਨ ਬਹੁਤ ਸਾਰੇ ਸਕੂਲਾਂ ਨੂੰ ਜਾਣ ਵਾਲੇ ਰਸਤਿਆਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਸਕੂਲਾਂ ਵਿਚ ਤਾਇਨਾਤ ਸਟਾਫ ਅਤੇ ਬੱਚਿਆਂ ਦਾ ਸਕੂਲਾਂ ਵਿਚ ਆਉਣਾ-ਜਾਣਾ ਬਹੁਤ ਮੁਸ਼ਕਿਲ ਹੈ। ਇਸ ਹਲਾਤ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿਚ ਮੰਗਲਵਾਰ 26 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪਾਬੰਦ ਕੀਤਾ ਗਿਆ ਹੈ।
ਜਲੰਧਰ: ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਹ ਧਿਆਨ ਵਿਚ ਆਇਆ ਹੈ ਕਿ ਭਾਰੀ ਬਾਰਿਸ਼ ਕਾਰਨ ਬਹੁਤ ਸਾਰੇ ਸਕੂਲਾਂ ਨੂੰ ਜਾਣ ਵਾਲੇ ਰਸਤਿਆਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਸਕੂਲਾਂ ਵਿਚ ਤਾਇਨਾਤ ਸਟਾਫ ਅਤੇ ਬੱਚਿਆਂ ਦਾ ਸਕੂਲਾਂ ਵਿਚ ਆਉਣਾ-ਜਾਣਾ ਬਹੁਤ ਮੁਸ਼ਕਿਲ ਹੈ। ਉਕਤ ਹਾਲਾਤ ਨੂੰ ਮੁੱਖ ਰੱਖਦੇ ਹੋਏ ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿਚ ਮੰਗਲਵਾਰ 26 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਹੁਸ਼ਿਆਰਪੁਰ: ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਿਤੀ 26.08.2025 ਅਤੇ 27.08.2025 (ਮੰਗਲਵਾਰ ਅਤੇ ਬੁੱਧਵਾਰ) ਨੂੰ ਛੁੱਟੀ ਦੀ ਘੋਸ਼ਣਾ ਕੀਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਵਿਚ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਲਗਾਤਾਰ ਬਾਰਿਸ਼ ਕਾਰਨ ਸਕੂਲਾਂ ਵੱਲ ਜਾਣ ਵਾਲੇ ਕਈ ਰਸਤੇ ਪਾਣੀ ਨਾਲ ਭਰੇ ਹੋਏ ਹਨ, ਜਿਸ ਕਰਕੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਫ਼ੈਸਲਾ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ।
ਫ਼ਾਜ਼ਿਲਕਾ: ਸਤਲੁਜ ਦਰਿਆ ਵਿਚ ਆਏ ਹੜ੍ਹਾਂ ਦੇ ਮੱਦੇਨਜ਼ਰ ਸਰਹੱਦ ਨਾਲ ਲੱਗਦੇ ਪਿੰਡ ਜੋ ਕਿ ਪਾਣੀ ਨਾਲ ਪ੍ਰਭਾਵਿਤ ਹੋਏ ਹਨ, ਦੇ ਸਰਕਾਰੀ ਅਤੇ ਪ੍ਰਾਇਮਰੀ ਸਕੂਲਾਂ ਵਿਚ ਡੀ.ਸੀ. ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਬੱਚਿਆਂ ਦੀ ਸੁਰੱਖਿਆ ਅਤੇ ਹੜ੍ਹਾਂ ਦੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਗੱਟੀ ਨੰਬਰ 1, ਗੁਲਾਬਾ ਭੈਣੀ, ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੁਰਕਾਂ, ਢਾਣੀ ਮੋਹਨਾ ਰਾਮ, ਵੱਲੇ ਸ਼ਾਹ ਉਤਾੜ ਦੀਆਂ ਢਾਣੀਆਂ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਵਾਨੀ, ਰੇਤੇ ਵਾਲੀ ਢਾਣੀ ਦੇ ਪਿੰਡਾਂ ਦੇ ਸਾਰੇ ਸਕੂਲ 26,27,28 ਅਗਸਤ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਗੁਰਦਸਪੁਰ: ਮੌਜੂਦਾ ਸਮੇਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਲਗਾਤਾਰ ਹੋ ਰਹੀ ਬਰਸਾਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਸਬ ਡਵੀਜ਼ਨ ਦੀਨਾਨਗਰ ਦੇ ਬਲਾਕ-1 ਅਤੇ ਬਲਾਕ-2 ਵਿੱਚ ਪੈਂਦੇ ਸਮੂਹ ਸਰਕਾਰੀ/ਗੈਰ ਸਰਕਾਰੀ ਸਕੂਲ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਮਿਤੀ 26.08.2025 ਨੂੰ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਪਠਾਨਕੋਟ: ਜ਼ਿਲ੍ਹੇ ਪਠਾਨਕੋਟ ‘ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ 26 ਅਗਸਤ 2025 ਦਿਨ ਸੋਮਵਾਰ ਭਾਵ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ, ਕਾਲਜਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਵਿੱਚ ਛੁੱਟੀ ਘੋਸ਼ਿਤ ਕਰ ਦਿੱਤੀ ਹੈ।
