ਚੰਡੀਗੜ੍ਹ, 25 ਜੂਨ 2022 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਇਕ ਵਾਰ ਫਿਰ ਪੰਜਾਬ ‘ਚ 6 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ 16 ਸਤੰਬਰ 2021 ਨੂੰ ਜਲਾਲਾਬਾਦ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਵਿੱਚ ਮਿਲੀ ਸੂਚਨਾ ਤੋਂ ਬਾਅਦ ਕੀਤੀ ਗਈ ਸੀ। ਪੰਜਾਬ ਵਿੱਚ ਛਾਪੇਮਾਰੀ ਦੌਰਾਨ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਅਤੇ ਦਸਤਾਵੇਜ਼ਾਂ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।
NIA ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਤਰਨਤਾਰਨ ‘ਚ 6 ਟਿਕਾਣਿਆਂ ‘ਤੇ ਇਹ ਛਾਪੇਮਾਰੀ ਕੀਤੀ ਗਈ। ਦਰਅਸਲ, 16 ਸਤੰਬਰ 2021 ਨੂੰ ਜਲਾਲਾਬਾਦ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਇੱਕ ਮੋਟਰਸਾਈਕਲ ਵਿੱਚ ਧਮਾਕਾ ਹੋਇਆ ਸੀ। ਜਾਂਚ ਵਿੱਚ ਤਾਰ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ‘ਚ ਫੜੇ ਗਏ ਅੱਤਵਾਦੀਆਂ ਦੇ ਪਾਕਿਸਤਾਨ ‘ਚ ਲੁਕੇ ਅੱਤਵਾਦੀਆਂ ਅਤੇ ਸਮੱਗਲਰਾਂ ਨਾਲ ਸਬੰਧ ਸਨ। 1 ਅਕਤੂਬਰ 2021 ਨੂੰ, ਐਨਆਈਏ ਨੇ ਕੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕੀਤੀ।
NIA ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 6 ਟਿਕਾਣਿਆਂ ‘ਤੇ ਮਾਰੇ ਗਏ ਛਾਪਿਆਂ ਦੌਰਾਨ ਡਿਜੀਟਲ ਡਿਵਾਈਸ, ਮੋਬਾਈਲ ਫ਼ੋਨ, ਸਿਮ ਕਾਰਡ, ਮੈਮਰੀ ਕਾਰਡ ਅਤੇ ਡੀਵੀਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਇਤਰਾਜ਼ਯੋਗ ਦਸਤਾਵੇਜ਼ ਅਤੇ ਸਮੱਗਰੀ ਅਤੇ ਭਾਰੀ ਮਾਤਰਾ ਵਿੱਚ ਬਾਰੂਦ ਵੀ ਬਰਾਮਦ ਹੋਇਆ ਹੈ, ਜਿਸ ਨੂੰ ਐਨਆਈਏ ਦੀ ਟੀਮ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।