ਐੱਸ.ਏ.ਐੱਸ. ਨਗਰ, 28 ਜੁਲਾਈ 2022: ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ 6635 ਈਟੀਟੀ ਅਸਾਮੀਆਂ ਦੀ ਭਰਤੀ ਲਈ ਵਿੱਦਹੈੱਲਡ (WITHHELD) ਤੋਂ ਯੋਗ (ELIGIBLE) ਕਰਨ ਉਪਰੰਤ ਦੂਜੀ ਸਿਲੈਕਸਨ ਸੂਚੀ ਜਾਰੀ ਕੀਤੀ ਗਈ ਹੈ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਬਹੁਤ ਸਾਰੇ ਉਮੀਦਵਾਰਾਂ ਦੇ ਚੋਣ ਨਤੀਜੇ ਨੂੰ ਵਿੱਦਹੈੱਲਡ (WITHHELD) ਤੋਂ ਯੋਗ (ELIGIBLE) ਕਰਨ ਉਪਰੰਤ ਉਨ੍ਹਾਂ ਦੀ ਕੈਟਾਗਰੀ ਵਾਈਜ ਸੂਚੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰਵਾ ਦਿੱਤੀ ਗਈ ਹੈ ਅਤੇ ਯੋਗ ਉਮੀਦਵਾਰਾਂ ਦਾ ਰਿਜਲਟ ਉਨ੍ਹਾਂ ਦੀ ਆਈ ਡੀ (I.D.) ਵਿੱਚ ਵੀ ਪਵਾ ਦਿੱਤਾ ਗਿਆ ਹੈ।
ਇਸ ਚੋਣ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਨੂੰ ਮਿਤੀ 28 ਜੁਲਾਈ 2022 ਅਤੇ 29 ਜੁਲਾਈ 2022 ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਵਿਭਾਗ ਦੇ ਪੋਰਟਲ ਤੇ ਸਟੇਸ਼ਨ ਚੋਣ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਪੋਰਟਲ ਮਿਤੀ 28-07-2022 ਤੋਂ 29-07-2222 ਨੂੰ ਦੁਪਹਿਰ 12:00 ਵਜੇ ਤੱਕ ਖੁਲਾ ਰਹੇਗਾ। ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਸਡਿਊਲ ਅਨੁਸਾਰ ਆਪਣੀ ਪਸੰਦ ਦਾ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਉਣ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸ਼ੋਅ ਹੋ ਰਹੀ ਵੈਕਸੀ ਲਿਸਟ ਵਿਚੋਂ ਆਪਣੀ ਪਸੰਦ ਦੇ ਜਿੰਨੇ ਮਰਜੀ ਸਟੇਸ਼ਨ ਦੀ ਆਪਸ਼ਨ ਭਰ ਸਕਦੇ ਹਨ, ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸਟੇਸ਼ਨ ਚੋਣ ਦੀ ਆਪਸ਼ਨ ਭਰੀ ਜਾਵੇ। ਜਿਹੜੇ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ ਵਿੱਚ ਸਿਲੈਕਟ ਹੋਏ ਹਨ, ਉਹ ਪਹਿਲਾਂ ਆਪਣੀ ਆਈ.ਡੀ. ਤੋਂ ਆਪਣੀ ਮਰਜੀ ਅਨੁਸਾਰ ਕਿਸੇ ਇੱਕ ਕੈਟਾਗਰੀ ਦੀ ਚੋਣ ਕਰ ਸਕਦੇ ਹਨ। ਉਮੀਦਵਾਰ ਵੱਲੋਂ ਜਿਸ ਕੈਟਾਗਰੀ ਦੀ ਇੱਕ ਵਾਰ ਚੋਣ ਕਰ ਲਈ ਜਾਂਦੀ ਹੈ, ਉਸ ਨੂੰ ਮੁੜ ਕੇ ਬਦਲਿਆ ਨਹੀਂ ਜਾ ਸਕੇਗਾ। ਇਸ ਉਪਰੰਤ ਅਜਿਹੇ ਯੋਗ ਉਮੀਦਵਾਰ ਆਪਣੀ ਆਈ.ਡੀ. ਵਿੱਚ ਸ਼ੋਅ ਹੋ ਰਹੀ ਵੈਕੰਸੀ ਲਿਸਟ ਵਿਚੋਂ ਸਟੇਸ਼ਨ ਦੀ ਚੋਣ ਕਰਨਗੇ। ਇਹ ਸਟੇਸ਼ਨ ਚੋਣ ਪ੍ਰਕ੍ਰਿਆ ਪੂਰਨ ਤੌਰ ਤੇ ਆਨਲਾਈਨ ਹੀ ਹੋਵੇਗੀ।
ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜਿਹੜੇ ਉਮੀਦਵਾਰ ਵਿਭਾਗ ਦੇ ਪੋਰਟਲ ਤੇ ਆਨਲਾਈਨ ਸਟੇਸ਼ਨ ਚੋਣ ਪ੍ਰਕ੍ਰਿਆ ਵਿੱਚ ਭਾਗ ਨਹੀਂ ਲੈਣਗੇ ਭਾਵ ਉਹ ਆਪਣੇ ਆਪ ਕੋਈ ਵੀ ਸਟੇਸ਼ਨ ਚੋਣ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ ਐੱਮ ਆਈ ਐੱਸ (MIS) ਵੱਲੋਂ ਅਲਾਟ ਹੋ ਜਾਵੇਗਾ। ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੀ ਪਸੰਦ ਦੇ ਚੁਏ ਗਏ ਸਟੇਸ਼ਨਾਂ ਦੀ ਅਲਾਟਮੈਂਟ ਉਸ ਤੋਂ ਹਾਇਰ ਮੈਰਿਟ ਵਾਲੇ ਜਾਂ ਸਬੰਧਤ ਕੈਟਾਗਰੀ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ (ਭਾਵ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਅਲਾਟ ਹੋ ਚੁੱਕੇ ਹੋਣਗੇ) ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ ਐੱਮ.ਆਈ. ਐੱਸ. (MIS) ਵੱਲੋਂ ਅਲਾਟ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ, ਪੰਜਾਬ ਵੱਲੋਂ ਈ.ਟੀ.ਟੀ. ਕਾਡਰ ਦੀਆਂ 6635 ਅਸਾਮੀਆਂ ਭਰਨ ਲਈ ਮਿਤੀ 30 ਜੁਲਾਈ 2021 ਨੂੰ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ ਚੋਣ ਸੂਚੀ ਮਿਤੀ 13 ਮਈ 2022 ਨੂੰ ਵਿਭਾਗ ਦੇ ਪੋਰਟਲ ਤੇ ਅਪਲੋਡ ਕੀਤੀ ਗਈ ਸੀ, ਜਿਸ ਵਿੱਚ ਬਹੁਤ ਸਾਰੇ ਉਮੀਦਵਾਰਾਂ ਦਾ ਚੋਣ ਨਤੀਜਾ ਉਨ੍ਹਾਂ ਵੱਲੋਂ ਵਿੱਦਹੈੱਲਡ (WITHHELD) ਰੱਖਿਆ ਗਿਆ ਸੀ। ਇਸ ਚੋਣ ਸੂਚੀ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਆਨਲਾਈਨ ਪ੍ਰੋਸੈਸ ਰਾਹੀਂ ਸਟੇਸ਼ਨ ਚੋਣ ਕਰਵਾ ਕੇ ਉਨ੍ਹਾਂ ਨੂੰ ਮਿਤੀ 2 ਜੁਲਾਈ 2022 ਨੂੰ ਸਟੇਸ਼ਨ ਅਲਾਟ ਕੀਤੇ ਗਏ ਸਨ ਅਤੇ ਇਸ ਉਪਰੰਤ ਸਬੰਧਤ ਜਿਲਾ ਸਿੱਖਿਆ ਅਫ਼ਸਰ (ਐੱ.ਸਿੱ.) ਵੱਲੋਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।