ਲੁਧਿਆਣਾ: ਜਗਰਾਉਂ ਪੁਲ (ਦੁਰਗਾ ਮਾਤਾ ਮੰਦਿਰ ਨੇੜੇ) ਵੱਲ ਜਾਣ ਵਾਲਾ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਜਲਦ ਖੁੱਲ੍ਹੇਗਾ, ਅਰੋੜਾ ਨੇ ਲਿਆ ਜਾਇਜ਼ਾ

  • ਅਰੋੜਾ ਨੇ ਐਲੀਵੇਟਿਡ ਰੋਡ ਪ੍ਰੋਜੈਕਟ ਨੂੰ ਜਨਤਾ ਲਈ ਖੋਲ੍ਹਣ ਤੋਂ ਪਹਿਲਾਂ ਇਸ ਦਾ ਕੀਤਾ ਨਿਰੀਖਣ
  • ਜਗਰਾਉਂ ਪੁਲ (ਦੁਰਗਾ ਮਾਤਾ ਮੰਦਿਰ ਨੇੜੇ) ਵੱਲ ਜਾਣ ਵਾਲੇ ਹਿੱਸੇ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਦਾ ਕੀਤਾ ਐਲਾਨ

ਲੁਧਿਆਣਾ, 11 ਨਵੰਬਰ, 2023: ਬਰਸਾਤ ਦੇ ਮੌਸਮ ਦੇ ਬਾਵਜੂਦ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨਾਲ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਪੁਰਾਣੀ ਚੁੰਗੀ ਤੋਂ ਜਗਰਾਉਂ ਪੁਲ (ਦੁਰਗਾ ਮਾਤਾ ਮੰਦਿਰ ਨੇੜੇ) ਤੱਕ ਉਸਾਰੀ ਅਧੀਨ ਐਲੀਵੇਟਿਡ ਰੋਡ ਦੇ 7 ਕਿਲੋਮੀਟਰ ਦੇ ਹਿੱਸੇ ਦਾ ਨਿਰੀਖਣ ਕੀਤਾ।

ਅਰੋੜਾ ਹੱਥ ਵਿੱਚ ਛੱਤਰੀ ਲੈ ਕੇ ਪ੍ਰੋਜੈਕਟ ਦੀ ਪ੍ਰਗਤੀ ਨੂੰ ਦੇਖਦੇ ਹੋਏ ਦੇਖੇ ਗਏ। ਉਨ੍ਹਾਂ ਨੇ ਪ੍ਰੋਜੈਕਟ ਦੀ ਹਰ ਬਾਰੀਕੀ ਨਾਲ ਜਾਣਕਾਰੀ ਲਈ। ਉਨ੍ਹਾਂ ਨੇ ਪ੍ਰੋਜੈਕਟ ਦੇ ਚੱਲ ਰਹੇ ਕੰਮ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਨਿਰਧਾਰਤ ਸਮਾਂ ਸੀਮਾ ਅਨੁਸਾਰ ਕੰਮ ਨੂੰ ਪੂਰਾ ਕਰਨ ਲਈ ਅਸ਼ੋਕ ਰੋਲਾਨੀਆ, ਪ੍ਰੋਜੈਕਟ ਡਾਇਰੈਕਟਰ, ਐਨ.ਐਚ.ਏ.ਆਈ. ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਅਤੇ ਐਨਐਚਏਆਈ ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਗਿਆ ਹੈ।

ਐਨ.ਐਚ.ਏ.ਆਈ. ਅਧਿਕਾਰੀਆਂ ਨੇ ਅਰੋੜਾ ਨੂੰ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਤੋਂ ਜਗਰਾਓਂ ਪੁਲ (ਦੁਰਗਾ ਮਾਤਾ ਮੰਦਿਰ ਨੇੜੇ) ਤੱਕ 2 ਕਿਲੋਮੀਟਰ ਲੰਬੀ ਐਲੀਵੇਟਿਡ ਰੋਡ ਨੂੰ 11 ਨਵੰਬਰ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਲੀਵੇਟਿਡ ਰੋਡ ਦੇ ਇਸ ਹਿੱਸੇ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ, ਅਰੋੜਾ ਨੂੰ ਦੱਸਿਆ ਗਿਆ ਕਿ ਭਾਰਤ ਨਗਰ ਚੌਕ ਤੋਂ ਇੰਟਰ ਸਟੇਟ ਬੱਸ ਟਰਮੀਨਲ (ਆਈਐਸਬੀਟੀ) ਤੱਕ 1 ਕਿਲੋਮੀਟਰ ਲੰਬੀ ਐਲੀਵੇਟਿਡ ਰੋਡ ਨੂੰ ਵੀ ਦਸੰਬਰ ਵਿੱਚ ਜੋੜਨ ਦੀ ਸੰਭਾਵਨਾ ਹੈ। ਬੱਸ ਸਟੈਂਡ ਵੱਲ 70 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਚੁੱਕਾ ਹੈ। ਅਰੋੜਾ ਨੂੰ ਦੱਸਿਆ ਗਿਆ ਕਿ ਭਾਰਤ ਨਗਰ ਚੌਕ ਵਿਖੇ ਗਰਡਰ ਲਵਾ ਦਿੱਤੇ ਗਏ ਹਨ ਅਤੇ ਚਾਰ ਸਪੈਨਾਂ ਵਿੱਚ ਸਲੈਬ ਦਾ ਕੰਮ ਵੀ ਕੀਤਾ ਗਿਆ ਹੈ। ਆਈਐਸਬੀਟੀ ਤੋਂ ਐਲੀਵੇਟਿਡ ਰੋਡ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਸਮਰਾਲਾ ਚੌਕ ਨਾਲ ਜੁੜ ਜਾਵੇਗੀ।

ਅਰੋੜਾ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਸਨਅਤੀ ਸ਼ਹਿਰ ਦੇ ਲੋਕ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਨਾਲ ਮੁਕੰਮਲ ‘ਤੇ ਯਾਤਰੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਨਾ ਸਿਰਫ਼ ਸਫ਼ਰ ਦੇ ਸਮੇਂ ਅਤੇ ਬਾਲਣ ਦੀ ਲਾਗਤ ਵਿੱਚ ਕਮੀ ਆਵੇਗੀ ਸਗੋਂ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਯਤਨਾਂ ਸਦਕਾ ਇਹ ਪ੍ਰਾਜੈਕਟ ਪੂਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ।

ਇਸ ਤੋਂ ਇਲਾਵਾ ਅਰੋੜਾ ਨੇ ਦੱਸਿਆ ਕਿ ਨਿਰੀਖਣ ਦੌਰਾਨ ਉਨ੍ਹਾਂ ਦੇਖਿਆ ਕਿ ਐਲੀਵੇਟਿਡ ਰੋਡ ਦੇ ਪਹਿਲਾਂ ਹੀ ਚੱਲ ਰਹੇ ਹਿੱਸੇ ‘ਤੇ ਕੁਝ ਯਾਤਰੀ ਆਪਣੇ ਵਾਹਨ ਗਲਤ ਸਾਈਡ ਤੋਂ ਚਲਾ ਰਹੇ ਸਨ, ਜੋ ਕਿ ਬਹੁਤ ਖਤਰਨਾਕ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵੱਡੇ ਹਾਦਸੇ ਤੋਂ ਬਚਣ ਲਈ ਇਸ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਵੇ ਨਹੀਂ ਤਾਂ ਕਿਸੇ ਵੀ ਵੱਡੇ ਸੜਕ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਵਿਆਪਕ ਲੋਕ ਹਿੱਤ ਵਿੱਚ ਘੋਖਣ ਲਈ ਵੀ ਕਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

ਪੰਜਾਬ ਦੇ ਕਿਸਾਨ 26 ਤਰੀਕ ਨੂੰ ਚੰਡੀਗੜ੍ਹ ਵੱਲ ਕਰਨਗੇ ਕੂਚ: MSP ਦੀ ਮੰਗ ਅਤੇ ਦਰਜ ਕੇਸ ਰੱਦ ਕਰਨ ਦੀ ਕਰਨਗੇ ਮੰਗ